ਨਿਊਜ਼ ਪੰਜਾਬ
31 ਜਨਵਰੀ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਮਰਿਆਦਾ ਭੰਗ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗਾਜ਼ੀਆਬਾਦ ਨਿਵਾਸੀ ਨੌਜਵਾਨ ਸੁਭਾਨ ਰੰਗਰੀਜ਼ ਨੂੰ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ।
ਜ਼ਿਕਰਯੋਗ ਹੈ ਕਿ 13 ਜਨਵਰੀ ਨੂੰ ਸੁਭਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਇਆ ਸੀ, ਜਿੱਥੇ ਦੋਸ਼ ਹੈ ਕਿ ਉਸ ਨੇ ਪਵਿੱਤਰ ਸਰੋਵਰ ਦੇ ਕਿਨਾਰੇ ਬੈਠ ਕੇ ‘ਵਜ਼ੂ’ ਕਰਕੇ ਅਤੇ ਸਰੋਵਰ ਦੇ ਜਲ ਨਾਲ ਕੁਰਲੀ ਕਰਕੇ ਮਰਿਆਦਾ ਦੀ ਉਲੰਘਣਾ ਕੀਤੀ, ਜਿਸ ਦੀ ਵੀਡੀਓ ਉਸ ਦੇ ਸਾਥੀ ਵੱਲੋਂ ਬਣਾਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ SGPC ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ, ਜਿਸ ਦੇ ਆਧਾਰ ’ਤੇ ਥਾਣਾ ਈ-ਡਿਵੀਜ਼ਨ ਅੰਮ੍ਰਿਤਸਰ ਵਿੱਚ ਬੇਅਦਬੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। 24 ਜਨਵਰੀ ਨੂੰ ਨਿਹੰਗ ਸਿੰਘਾਂ ਵੱਲੋਂ ਗਾਜ਼ੀਆਬਾਦ ਵਿੱਚ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਗਿਆ, ਬਾਅਦ ਵਿੱਚ ਯੂਪੀ ਪੁਲਿਸ ਦੇ ਹਵਾਲੇ ਕੀਤਾ ਗਿਆ, ਜਿੱਥੋਂ ਪੰਜਾਬ ਪੁਲਿਸ ਟ੍ਰਾਂਜ਼ਿਟ ਰਿਮਾਂਡ ’ਤੇ ਉਸ ਨੂੰ ਅੰਮ੍ਰਿਤਸਰ ਲੈ ਕੇ ਆਈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਪਿੱਛੇ ਕੋਈ ਡੂੰਘੀ ਸਾਜ਼ਿਸ਼ ਸੀ ਜਾਂ ਇਹ ਸ਼ਰਾਰਤਵੱਸ ਕੀਤਾ ਗਿਆ ਕਾਰਾ ਸੀ।
