ਨਿਊਜ਼ ਪੰਜਾਬ
14 ਜਨਵਰੀ 2026
ਲੁਧਿਆਣਾ ਦੇ ਅਯਾਲੀ ਖੁਰਦ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਮਕਰ ਸੰਕ੍ਰਾਂਤੀ ਮੌਕੇ ਵੰਡੇ ਗਏ ਲੰਗਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਗਮ ਤੋਂ ਕੁਝ ਘੰਟਿਆਂ ਬਾਅਦ ਹੀ ਸ਼ਰਧਾਲੂਆਂ ਨੂੰ ਉਲਟੀਆਂ, ਦਸਤ ਅਤੇ ਚੱਕਰ ਆਉਣ ਦੀ ਸ਼ਿਕਾਇਤ ਹੋਣ ਲੱਗੀ।
ਜਾਣਕਾਰੀ ਮੁਤਾਬਕ, ਲਗਭਗ 50 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਦ ਵਜੋਂ ਗਾਜਰ ਦਾ ਹਲਵਾ ਵੰਡਿਆ ਗਿਆ ਸੀ, ਜਿਸਨੂੰ ਖਾਣ ਮਗਰੋਂ ਇਹ ਲੱਛਣ ਨਜ਼ਰ ਆਏ।
ਹਸਪਤਾਲ ਵਿੱਚ ਦਾਖਲ ਬਜ਼ੁਰਗ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਤੋਂ ਗਾਜਰ ਦਾ ਹਲਵਾ ਘਰ ਲੈ ਕੇ ਆਈ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹਲਵਾ ਖਾਧਾ। ਉਸ ਮੁਤਾਬਕ, “ਮੈਂ ਸਵੇਰੇ 8 ਵਜੇ ਹਲਵਾ ਖਾਧਾ ਅਤੇ ਸਵੇਰੇ 9 ਵਜੇ ਮੈਨੂੰ ਉਲਟੀਆਂ ਆਉਣ ਲੱਗੀਆਂ।”ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਖਾਦ ਪਦਾਰਥਾਂ ਦੇ ਸੈਂਪਲ ਲਏ ਜਾ ਰਹੇ ਹਨ।
