ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ: 3 ਸਾਲ ਪੁਰਾਣੇ ਕੇਸ ‘ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ

ਨਿਊਜ਼ ਪੰਜਾਬ

14 ਜਨਵਰੀ 2026

ਪੰਜਾਬ ਵਿੱਚ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ਕਰਕੇ ਦਹਿਸ਼ਤ ਫੈਲਾਉਣ ਨਾਲ ਜੁੜੇ ਇੱਕ ਹਾਈ-ਪ੍ਰੋਫ਼ਾਈਲ ਮਾਮਲੇ ਵਿੱਚ ਮੋਹਾਲੀ ਸਪੈਸ਼ਲ ਕੋਰਟ ਨੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਰਾਹਤ ਦਿੱਤੀ ਹੈ। ਤਿੰਨ ਸਾਲ ਪੁਰਾਣੇ ਇਸ ਕੇਸ ਵਿੱਚ ਅਦਾਲਤ ਨੇ ਉਸਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ ਹੈ।

ਹਾਲਾਂਕਿ ਉਸਦੇ ਤਿੰਨ ਸਾਥੀਆਂ—ਜਸਪਾਲ ਸਿੰਘ ਉਰਫ਼ ਹਨੀ, ਯੁਵਰਾਜ ਸਿੰਘ ਉਰਫ਼ ਚਿੰਨਾ ਅਤੇ ਨਿਸ਼ਾਨ ਸਿੰਘ—ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਚੱਲੇਗਾ। ਜਾਂਚ ਦੌਰਾਨ ਜੱਗੂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਏ ਅਤੇ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਵੀ ਨਹੀਂ ਮਿਲੀ। ਇਹ ਕੇਸ ਯੂਏਪੀਏ ਦੀ ਧਾਰਾ 17, 18, 20 ਦੇ ਨਾਲ-ਨਾਲ ਆਈਪੀਸੀ ਦੀ ਧਾਰਾ 120-B ਅਤੇ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ।

ਅਦਾਲਤ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਦੇ ਖ਼ਿਲਾਫ਼ ਸਿਰਫ਼ ਪੁਲਿਸ ਦੇ ਸਾਹਮਣੇ ਦਿੱਤਾ ਗਿਆ ਕਬੂਲਨਾਮਾ ਹੀ ਹੈ, ਜੋ ਇੰਡਿਅਨ ਐਵੀਡੈਂਸ ਐਕਟ ਦੀ ਧਾਰਾ 25 ਅਧੀਨ ਅਦਾਲਤ ਵਿੱਚ ਮਾਨਯੋਗ ਨਹੀਂ ਹੈ। ਸੈਂਕਸ਼ਨਿੰਗ ਅਥਾਰਟੀ ਨੇ ਵੀ ਆਪਣੀ ਰਿਪੋਰਟ ਵਿੱਚ ਲਿਖਿਆ ਕਿ “ਜੱਗੂ ਭਗਵਾਨਪੁਰੀਆ ਦੇ ਖ਼ਿਲਾਫ਼ ਪੁਲਿਸ ਕਬੂਲਨਾਮੇ ਤੋਂ ਇਲਾਵਾ ਹੋਰ ਕੋਈ ਵੀ ਸਬੂਤ ਨਹੀਂ ਹੈ, ਜੋ ਕਾਨੂੰਨ ਦੀ ਨਜ਼ਰ ਵਿੱਚ ਅਵੈਧ ਹੈ। ਇਸ ਲਈ ਇਸ ਮੰਚ ’ਤੇ ਉਸਦੇ ਖ਼ਿਲਾਫ਼ ਕੋਈ ਪ੍ਰਾਇਮਾ ਫੇਸੀ ਸਬੂਤ ਨਹੀਂ ਬਣਦਾ।”

 

ਇਸ ਕਾਰਨ ਅਦਾਲਤ ਨੇ ਉਸਨੂੰ ਸਾਰੇ ਆਰੋਪਾਂ ਤੋਂ ਡਿਸਚਾਰਜ ਕਰ ਦਿੱਤਾ। ਹਨੀ ਅਤੇ ਚਿੰਨਾ ਅਦਾਲਤ ਵਿੱਚ ਪੇਸ਼ ਹੋਏ, ਜਦਕਿ ਨਿਸ਼ਾਨ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰ ਹੋਇਆ। ਤਿੰਨਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਦੇ ਹੋਏ ਟ੍ਰਾਇਲ ਦੀ ਮੰਗ ਕੀਤੀ। ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ 2026 ਨੂੰ ਹੋਵੇਗੀ।