ਪੰਜਾਬ ਵਿੱਚ ਗੰਨੇ ਦਾ ਭਾਅ 15 ਰੁਪਏ ਵਧਿਆ, ਹੁਣ ਰੇਟ 416 ਰੁਪਏ ਪ੍ਰਤੀ ਕੁਇੰਟਲ

ਨਿਊਜ਼ ਪੰਜਾਬ

26 ਨਵੰਬਰ 2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਗੰਨੇ ਦੇ ਭਾਅ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਨਾਲ ਹੁਣ ਗੰਨੇ ਦਾ ਭਾਅ 416 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਦੀਨਾਨਗਰ ਵਿੱਚ ਇੱਕ ਨਵੀਂ ਖੰਡ ਮਿੱਲ ਦੇ ਉਦਘਾਟਨ ਮੌਕੇ ਦਿੱਤਾ। ਹਰਿਆਣਾ ਸਰਕਾਰ ਨੇ ਇਸ ਸਾਲ ਗੰਨੇ ਦਾ ਰੇਟ 415 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਪੰਜਾਬ ਨੇ ਹਰਿਆਣਾ ਤੋਂ ਅੱਗੇ ਵਧਦੇ ਹੋਏ 1 ਰੁਪਏ ਵੱਧ ਕੀਮਤ ਨਿਰਧਾਰਤ ਕਰਕੇ ਕਿਸਾਨਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੁਆਰਾ ਨਿਰਧਾਰਤ ਇਹ ਰੇਟ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਐਲਾਨ ਨੂੰ ਗੰਨੇ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਲਈ ਇੱਕ ਸਕਾਰਾਤਮਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਮੀਦ ਹੈ ਕਿ ਵਧੀ ਹੋਈ ਦਰ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰੇਗੀ ਅਤੇ ਸੂਬੇ ਵਿੱਚ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰੇਗੀ।

ਦੱਸ ਦਈਏ ਕਿ ਗੰਨੇ ਦਾ ਭਾਅ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਰੋਪੜ ਵਿਖੇ ਸ਼ੂਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਗੰਨੇ ਦਾ ਉਤਪਾਦਨ ਖਰਚਾ ਦੱਸਦੇ ਹੋਏ ਮੀਟਿੰਗ ਵਿੱਚ 525 ਰੁਪਏ ਕੁਇੰਟਲ ਭਾਅ ਦੀ ਮੰਗ ਕੀਤੀ ਗਈ ਸੀ, ਪਰੰਤੂ ਸਰਕਾਰ ਨੇ ਸਿਰਫ਼ 15 ਰੁਪਏ ਗੰਨੇ ਦਾ ਭਾਅ ਵਧਾਇਆ ਹੈ।