ਪਟਿਆਲਾ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ! ਜਲ ਸਰੋਤ ਵਿਭਾਗ ਦਾ ਕਲਰਕ ₹10,500 ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਨਿਊਜ਼ ਪੰਜਾਬ

17 ਜੁਲਾਈ,2026

ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਜਲ ਸਰੋਤ ਵਿਭਾਗ ਦੇ ਦੇਵੀਗੜ੍ਹ ਮੰਡਲ, ਪਟਿਆਲਾ ਵਿੱਚ ਤਾਇਨਾਤ ਅਸਿਸਟੈਂਟ ਰੈਵਨਿਊ ਕਲਰਕ (ਵਾਧੂ ਚਾਰਜ ਐਚ.ਆਰ.ਸੀ.) ਸੁਖਪਾਲ ਸਿੰਘ ਨੂੰ 10,500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਪਿੰਡ ਗੱਜੂਮਾਜਰਾ ਦੇ ਵਸਨੀਕ ਹਰਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਖੇਤਾਂ ਲਈ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਬਦਲੇ ਮੁਲਜ਼ਮ ਨੇ ਪਹਿਲਾਂ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਜੋ ਬਾਅਦ ਵਿੱਚ 14,000 ਰੁਪਏ ‘ਤੇ ਤੈਅ ਹੋਈ। ਸ਼ਿਕਾਇਤਕਰਤਾ ਵੱਲੋਂ 3,500 ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ, ਜਦਕਿ ਬਾਕੀ 10,500 ਰੁਪਏ ਲਈ ਉਸ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਮੁੱਢਲੀ ਜਾਂਚ ਵਿੱਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਯੋਜਨਾਬੱਧ ਢੰਗ ਨਾਲ ਟਰੈਪ ਲਗਾਇਆ ਅਤੇ ਜਿਵੇਂ ਹੀ ਮੁਲਜ਼ਮ ਨੇ ਰਿਸ਼ਵਤ ਦੀ ਬਾਕੀ ਰਕਮ ਲਈ, ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਰਿਸ਼ਵਤ ਦੀ ਪੂਰੀ ਰਕਮ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਖ਼ਿਲਾਫ਼ ਪਟਿਆਲਾ ਰੇਂਜ ਦੇ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਨੇ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਹੋਰ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।