ਨਵੀਂ ਦਿੱਲੀ,18 ਸਤੰਬਰ – ਭਾਰਤ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿੱਖ ਵਿਆਹਾਂ ਜ੍ਹਿਨਾਂ ਨੂੰ “ਆਨੰਦ ਕਾਰਜ” ਵਜੋਂ ਜਾਣਿਆ ਜਾਂਦਾ ਹੈ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਨਿਯਮ ਬਣਾਉਣ ਲਈ ਕਿਹਾ ਹੈ।ਸੁਪਰੀਮ ਕੋਰਟ ਨੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ “ਆਨੰਦ ਕਾਰਜ” ਜਾਂ ਸਿੱਖ ਵਿਆਹ ਸਮਾਰੋਹ ਨੂੰ ਰਜਿਸਟਰ ਕਰਨ ਦੇ ਨਿਯਮਾਂ ਨੂੰ ਚਾਰ ਮਹੀਨਿਆਂ ਦੇ ਅੰਦਰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਧਰਮ ਨਿਰਪੱਖ ਢਾਂਚੇ ਵਿੱਚ, ਜੋ ਧਾਰਮਿਕ ਪਛਾਣ ਦਾ ਸਤਿਕਾਰ ਕਰਦਾ ਹੈ ਅਤੇ ਨਾਗਰਿਕ ਸਮਾਨਤਾ ਨੂੰ ਯਕੀਨੀ ਬਣਾਉਂਦਾ ਹੈ, ਕਾਨੂੰਨ ਨੂੰ ਇੱਕ ਨਿਰਪੱਖ ਅਤੇ ਕਾਰਜਸ਼ੀਲ ਰਸਤਾ ਪ੍ਰਦਾਨ ਕਰਨਾ ਚਾਹੀਦਾ ਹੈ ਜਿਸ ਦੁਆਰਾ “ਆਨੰਦ ਕਾਰਜ” ਰਾਹੀਂ ਵਿਆਹਾਂ ਨੂੰ ਦੂਜੇ ਵਿਆਹਾਂ ਵਾਂਗ ਹੀ ਦਰਜ ਅਤੇ ਪ੍ਰਮਾਣਿਤ ਕੀਤਾ ਜਾਵੇ।
X ਤੇ ਖ਼ਬਰ ਏਜੰਸੀ ਪੀ ਟੀ ਆਈ ਦੇ ਹਵਾਲੇ ਨਾਲ ਦਿੱਤੀ ਜਾਣਕਾਰੀ ਅਨੁਸਾਰ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਜਦੋਂ ਤੱਕ ਅਜਿਹੇ ਨਿਯਮ ਨੋਟੀਫਾਈ ਨਹੀਂ ਹੁੰਦੇ, ਸਿੱਖ ਰਸਮ ‘ਅਨੰਦ ਕਾਰਜ’ ਅਧੀਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਭੇਦਭਾਵ ਦੇ ਮੌਜੂਦਾ ਕਾਨੂੰਨੀ ਢਾਂਚੇ ਅਧੀਨ ਰਜਿਸਟਰਡ ਕੀਤੇ ਜਾਣੇ ਚਾਹੀਦੇ ਹਨ।
ਇੱਥੇ ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਵਾਰ ਭਾਰਤ ਸਰਕਾਰ ਨੂੰ ਸਿੱਖ ਧਰਮ ਦੀ ਵੱਖਰੀ ਪਹਿਚਾਣ ਬਾਰੇ “ਆਨੰਦ ਕਾਰਜ” ਸਮੇਤ ਸਿੱਖ ਮਰਿਯਾਦਾ ਅਨੁਸਾਰ ਕਾਨੂੰਨ ਲਾਗੂ ਕਰਨ ਲਈ ਕਿਹਾ ਜਾ ਚੁੱਕਾ ਹੈ, ਪੰਜਾਬ ਵਿੱਚ ਇਹ ਨਿਯਮ ਪਹਿਲਾਂ ਹੀ ਲਾਗੂ ਹਨ
