ਨਿਊਜ਼ ਪੰਜਾਬ
8 ਜੂਨ 2025
ਕੈਨੇਡਾ ਸਰਕਾਰ ਵੱਲੋਂ ਨਵਾਂ “ਸਟਰਾਂਗ ਬੋਰਡਰਜ਼ ਐਕਟ” ਸੰਸਦ ਵਿੱਚ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਵਿਦਿਆਰਥੀਆਂ ਤੇ ਸ਼ਰਨ ਲੈਣ ਵਾਲਿਆਂ ਲਈ ਨਵੇਂ ਤੇ ਸਖ਼ਤ ਨਿਯਮ ਲਾਗੂ ਕੀਤੇ ਜਾਣਗੇ। ਇਹ ਨਵੇਂ ਨਿਯਮ ਇਮੀਗ੍ਰੇਸ਼ਨ ਅਤੇ ਸ਼ਰਨ ਲੈਣ ਵਾਲੀਆਂ ਪ੍ਰਕਿਰਿਆਵਾਂ ਨੂੰ ਲੈ ਕੇ ਕਾਫੀ ਵੱਡਾ ਬਦਲਾਅ ਲੈ ਕੇ ਆ ਰਹੇ ਹਨ।
2023 ਵਿੱਚ ਕੈਨੇਡਾ ਵਿੱਚ ਕੁੱਲ 1,71,850 ਲੋਕਾਂ ਨੇ ਸ਼ਰਨ ਲਈ ਅਰਜ਼ੀ ਦਿੱਤੀ ਸੀ, ਜਿਨ੍ਹਾਂ ਵਿਚੋਂ 32 ਹਜ਼ਾਰ ਭਾਰਤੀਆਂ ਸੀ। ਇਨ੍ਹਾਂ ‘ਚੋਂ 20,245 ਇੰਟਰਨੈਸ਼ਨਲ ਵਿਦਿਆਰਥੀਆਂ ਵੀ ਸ਼ਾਮਲ ਸਨ। 2024 ਵਿੱਚ ਪਹਿਲੇ 9 ਮਹੀਨਿਆਂ ਦੌਰਾਨ 1,32,525 ਲੋਕਾਂ ਨੇ ਸ਼ਰਨ ਲਈ ਅਰਜ਼ੀ ਦਿੱਤੀ, ਪਰ ਹੁਣ ਇਹ ਪ੍ਰਕਿਰਿਆ ਔਖੀ ਹੋਣੀ ਜਾ ਰਹੀ ਹੈ।
ਨਵੇਂ ਕਾਨੂੰਨ ਮੁਤਾਬਕ, ਜੇ ਕੋਈ ਵਿਅਕਤੀ ਇਕ ਸਾਲ ਤੋਂ ਵੱਧ ਦੇਰੀ ਨਾਲ ਸ਼ਰਨ ਦੀ ਅਰਜ਼ੀ ਦੇਂਦਾ ਹੈ ਜਾਂ ਅਮਰੀਕਾ ਰਾਹੀਂ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਆਉਂਦਾ ਹੈ ਅਤੇ 14 ਦਿਨਾਂ ਦੇ ਅੰਦਰ ਅਰਜ਼ੀ ਨਹੀਂ ਦਿੰਦਾ, ਤਾਂ ਉਸਨੂੰ ਸ਼ਰਨ ਨਹੀਂ ਮਿਲੇਗੀ। ਸ਼ਰਨ ਦੀ ਸੁਣਵਾਈ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗੀ ਜੋ ਸਰੀਰਕ ਤੌਰ ‘ਤੇ ਕੈਨੇਡਾ ‘ਚ ਮੌਜੂਦ ਹੋਣਗੇ।
ਇਮੀਗ੍ਰੇਸ਼ਨ ਵਿਭਾਗ IRCC ਨੂੰ ਵਿਦਿਆਰਥੀਆਂ ਦੀ ਪਛਾਣ, ਸਥਿਤੀ ਅਤੇ ਦਸਤਾਵੇਜ਼ਾਂ ਦੀ ਜਾਣਕਾਰੀ ਹੋਰ ਏਜੰਸੀਆਂ ਨਾਲ ਸਾਂਝੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ IRCC ਕਿਸੇ ਵੀ ਸਮੇਂ ਇਮੀਗ੍ਰੇਸ਼ਨ ਦਸਤਾਵੇਜ਼ ਰੋਕ ਸਕਦਾ ਹੈ, ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਸਕਦਾ ਹੈ ਜਾਂ ਪਹਿਲਾਂ ਆਈਆਂ ਅਰਜ਼ੀਆਂ ਰੱਦ ਕਰ ਸਕਦਾ ਹੈ।
