ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 308 ਮਰੀਜ਼ਾਂ ਨੇ ਕਰੋਨਾ ਵਾਇਰਸ ‘ਤੇ ਕੀਤੀ ਜਿੱਤ ਹਾਸਲ -ਜ਼ਿਲ੍ਹੇ ‘ਚ ਲਗਾਤਾਰ ਸੈਂਪਲਿੰਗ ਜਾਰੀ, ਸਿਹਤ ਵਿਭਾਗ ਦੀਆਂ ਟੀਮਾਂ 24 ਘੰਟੇ ਸਰਗਰਮ : ਸਿਵਲ ਸਰਜਨ

-ਸਾਵਧਾਨੀਆਂ ਵਰਤਕੇ ਹੀ ਕੋਵਿਡ ਖ਼ਿਲਾਫ਼ ਜਿੱਤੀ ਜਾ ਸਕਦੀ ਹੈ ਜੰਗ : ਡਾ. ਮਲਹੋਤਰਾ

ਨਿਊਜ਼ ਪੰਜਾਬ

ਪਟਿਆਲਾ, 14 ਜੁਲਾਈ: ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ ਕੋਵਿਡ-19 ਤੋਂ ਠੀਕ ਹੋਏ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਅੰਦਰ ਮਿਸ਼ਨ ਫ਼ਤਿਹ ਤਹਿਤ 308 ਵਿਅਕਤੀਆਂ ਵੱਲੋਂ ਕਰੋਨਾ ‘ਤੇ ਫ਼ਤਿਹ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਕਰੀਬ 31000 ਸੈਂਪਲ ਲਏ ਗਏ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ 24 ਘੰਟੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ, ਪਰ ਕੋਵਿਡ ‘ਤੇ ਕਾਬੂ ਪਾਉਣ ਲਈ ਆਮ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ।
ਸਿਵਲ ਸਰਜਨ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣਾ, ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣਾ, ਸਮਾਜਿਕ ਦੂਰੀ ਰੱਖਣਾ ਅਤੇ ਗੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੋਵਿਡ ਦੇ ਲੱਛਣ ਹਨ ਤਾਂ ਉਸ ਨੂੰ ਛੁਪਾਇਆ ਨਾ ਜਾਵੇ ਸਗੋਂ ਸਮੇਂ ਸਿਰ ਇਲਾਜ ਕਰਵਾਕੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਦਿਨ ਰਾਤ ਡਿਊਟੀਆਂ ਕਰਕੇ ਮਰੀਜ਼ਾਂ ਦਾ ਇਲਾਜ ਅਤੇ ਦੇਖਭਾਲ ਕੀਤਾ ਜਾ ਰਿਹਾ ਹੈ।