ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰ ਲੋੜਵੰਦਾਂ ਦੀ ਕਰ ਰਹੇ ਹਨ ਹਰ ਸੰਭਵ ਮਦਦ : ਡਾ ਮਾਨ ਐਨ.ਐਸ.ਐਸ. ਵਲੰਟੀਅਰਾਂ ਨੇ ਰਾਸ਼ੀ ਇਕੱਤਰ ਕਰਕੇ ਕੀਤੀ ਲੋੜਵੰਦਾਂ ਦੀ ਮਦਦ
ਨਿਊਜ਼ ਪੰਜਾਬ
ਪਟਿਆਲਾ, 14 ਜੁਲਾਈ: ਮਿਸ਼ਨ ਫ਼ਤਿਹ ਤਹਿਤ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰ ਕੋਵਿਡ-19 ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਹਰ ਸੰਭਵ ਮਦਦ ਲਈ ਅੱਗੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਨਾਲ ਜੁੜੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਰਾਸ਼ੀ ਇਕੱਤਰ ਕਰਕੇ ਲੋੜਵੰਦਾਂ ਦੀ ਮਦਦ ਲਈ ਹੱਥ ਵਧਾਇਆ ਹੈ।
ਡਾ. ਮਾਨ ਨੇ ਦੱਸਿਆ ਕਿ ਵਲੰਟੀਅਰਾਂ ਦੇ ਗਰੁੱਪ ਨੇ ਪ੍ਰੋਗਰਾਮ ਅਫ਼ਸਰ ਸੁਨੀਤਾ ਰਾਣੀ ਦੀ ਦੀ ਅਗਵਾਈ ‘ਚ ਬਿਰਧ ਆਸ਼ਰਮ, ਕੋਹੜ ਆਸ਼ਰਮ ਅਤੇ ਕੁੜੀਆਂ ਦੇ ਯਤੀਮਖ਼ਾਨੇ ਸਮੇਤ ਪਟਿਆਲਾ ਦੇ ਕਈ ਸਥਾਨਾਂ ਦੀ ਸ਼ਨਾਖ਼ਤ ਕਰਕੇ ਸਮੇਂ ਸਮੇਂ ‘ਤੇ ਸਹਾਇਤਾ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਯਾਦਵਿੰਦਰਾ ਪਬਲਿਕ ਸਕੂਲ ਦੀਆਂ ਐਨ.ਐਸ.ਐਸ. ਵਲੰਟੀਅਰ ਵਿਦਿਆਰਥਣਾਂ ਨੇ 100 ਤੋਂ ਵੱਧ ਰਾਸ਼ਨ ਕਿੱਟਾਂ, ਸੈਨੇਟਾਈਜ਼ਰ, ਮਾਸਕ ਸਮੇਤ ਸਾਬਣ ਦੀ ਵੰਡ ਸ਼ਨਾਖ਼ਤ ਕੀਤੇ ਗਏ ਖੇਤਰਾਂ ‘ਚ ਕੀਤੀ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਵਲੰਟੀਅਰਾਂ ਵੱਲੋਂ ਆਮ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਸਾਬਣ ਨਾਲ ਹੱਥ ਧੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾ ਮੁਕਤ) ਸੰਜੀਵ ਵਰਮਾ, ਪ੍ਰਿੰਸੀਪਲ ਸ੍ਰੀ ਅਨਿਲ ਬਜਾਜ, ਬਰਸਰ ਵਿਕਰਮ ਸਿੰਘ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।