ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੋਵਿਡ-19 ਤੋਂ ਪੀੜਤ ਮਰੀਜ਼ ਦਾ ਸਫਲਤਾਪੂਰਵਕ ਡਾਇਲਸਿਸ
ਓ.ਪੀ. ਸੋਨੀ ਵੱਲੋਂ ਭਰਪੂਰ ਸ਼ਲਾਘਾ
ਨਿਊਜ਼ ਪੰਜਾਬ
ਚੰਡੀਗੜ•, 12 ਜੁਲਾਈ – ਕੋਵਿਡ-19 ਦੀ ਰੋਕਥਾਮ ਅਤੇ ਇਸ ਤੋਂ ਪੀੜਤ ਮਰੀਜ਼ਾਂ ਦੀ ਸਿਹਤਯਾਬੀ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਰਜਿੰਦਰਾ ਹਸਪਤਾਲ, ਪਟਿਆਲਾ ਦੇ ਮੈਡੀਸਨ ਵਿਭਾਗ ਵੱਲੋਂ ਕੋਵਿਡ-19 ਤੋਂ ਪੀੜਤ ਮਰੀਜ਼ ਦਾ ਆਈਸੋਲੇਸ਼ਨ ਸਹੂਲਤ ਵਿੱਚ ਸਫਲਤਾਪੂਰਵਕ ਪਹਿਲਾ ਡਾਇਲਸਿਸ ਪੂਰਾ ਕੀਤਾ ਗਿਆ ਹੈ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਓ.ਪੀ.ਸੋਨੀ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੇ ਡਾਇਲਸਿਸ ਲਈ ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅਜਿਹੇ ਮਰੀਜ਼ ਜਿਨ•ਾਂ ਨੂੰ ਗੁਰਦੇ ਫੇਲ ਹੋਣ ਕਾਰਨ ਡਾਇਲਸਿਸ ਕਰਵਾਉਣਾ ਪੈਂਦਾ ਹੈ ਅਤੇ ਜੋ ਕੋਰੋਨਾ ਤੋਂ ਵੀ ਪੀੜਤ ਹਨ, ਉਨ•ਾਂ ਨੂੰ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਵੱਖਰੀਆਂ ਡਾਇਲਸਿਸ ਸਹੂਲਤਾਂ ਸ਼ੁਰੂ ਹੋ ਜਾਣ ਨਾਲ ਬਹੁਤ ਰਾਹਤ ਮਿਲੇਗੀ।
ਉਨ•ਾਂ ਇਸ ਪ੍ਰਾਪਤੀ ਲਈ ਰਜਿੰਦਰਾ ਹਸਪਤਾਲ, ਪਟਿਆਲਾ ਦੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਸਰਕਾਰ ਲਈ ਕੋਵਿਡ 19 ਉਤੇ ਮਿਸ਼ਨ ਫਤਿਹ ਤਹਿਤ ਜਿੱਤ ਹਾਸਲ ਕਰਨ ਵਿਚ ਸਹਾਇਕ ਸਿੱਧ ਹੋਵੇਗੀ।