ਪੰਜਾਬ ’ਚ ਵੱਡਾ ਰੇਲ ਹਾਦਸਾ ਟਲਿਆ, ਕਰਮਭੂਮੀ ਐਕਸਪ੍ਰੈਸ ਦੇ 4 ਡੱਬੇ ਅੱਗ ਦੀ ਲਪੇਟ ’ਚ

ਨਿਊਜ਼ ਪੰਜਾਬ

6 ਨਵੰਬਰ,2026

ਪੰਜਾਬ ਦੇ ਰਾਜਪੁਰਾ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਜਾ ਰਹੀ ਕਰਮਭੂਮੀ ਐਕਸਪ੍ਰੈਸ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਦੁਪਹਿਰ ਕਰੀਬ 1:15 ਵਜੇ ਸਾਧੂਗੜ੍ਹ ਅਤੇ ਸਰਾਏ ਬੰਜਾਰਾ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਅੱਗ ਇੰਜਣ ਦੇ ਨਾਲ ਲੱਗਦੇ ਜਨਰਲ ਡੱਬੇ ਵਿੱਚ ਲੱਗੀ, ਜਿਸ ਨੇ ਦੇਖਦੇ ਹੀ ਦੇਖਦੇ ਚਾਰ ਡੱਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਟ੍ਰੇਨ ਰੁਕਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਖੇਤਾਂ ਵੱਲ ਭੱਜਣ ਲੱਗੇ। ਕਈ ਯਾਤਰੀਆਂ ਨੇ ਟ੍ਰੇਨ ਵਿੱਚੋਂ ਛਾਲਾਂ ਵੀ ਮਾਰੀਆਂ। ਮੁੱਢਲੀ ਜਾਂਚ ਅਨੁਸਾਰ ਇੱਕ ਕੋਚ ਦੇ ਪੱਖੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਰੇਲਵੇ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਰੇਲਵੇ ਵੱਲੋਂ ਅੱਠ ਟ੍ਰੇਨਾਂ ਦੇ ਰੂਟ ਬਦਲਣੇ ਪਏ।