ਮੰਡੀ ਗੋਬਿੰਦਗੜ੍ਹ ’ਚ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਭਿਆਨਕ ਧਮਾਕਾ, ਫੈਕਟਰੀ ਮਾਲਕ ਦੀ ਮੌਤ, 4 ਮਜ਼ਦੂਰ ਝੁਲਸੇ

ਨਿਊਜ਼ ਪੰਜਾਬ

6 ਨਵੰਬਰ,2026

ਮੰਡੀ ਗੋਬਿੰਦਗੜ੍ਹ ਦੇ ਭੱਲਾ ਇੰਟਰਪ੍ਰਾਈਜ਼ਜ਼ ਦੇ ਗਰਾਊਂਡ ਵਿੱਚ ਲੁੱਕ ਦੇ ਟੈਂਕਰ ’ਤੇ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਗੈਸ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਫੈਕਟਰੀ ਮਾਲਕ ਡੀ.ਕੇ. ਭੱਲਾ ਦੀ ਮੌਤ ਹੋ ਗਈ, ਜਦਕਿ ਚਾਰ ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਫੋਮ ਕੈਮੀਕਲ ਟੈਂਕਰ ਮੌਕੇ ’ਤੇ ਪਹੁੰਚੇ ਅਤੇ ਕਰੀਬ 45 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜ਼ਖ਼ਮੀਆਂ ਵਿੱਚੋਂ ਬ੍ਰਿਜੇਸ਼ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਅਤੇ ਦਸ਼ਰਥ ਯਾਦਵ, ਪੂਨਮ ਦੇਵੀ ਤੇ ਇੰਦਰ ਕੁਮਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਮੁੱਢਲੀ ਜਾਂਚ ਦੌਰਾਨ ਮੌਕੇ ’ਤੇ ਫਾਇਰ ਸੇਫਟੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਫੈਕਟਰੀ ਦੀ ਐਨ.ਓ.ਸੀ. ਦੀ ਵੀ ਜਾਂਚ ਕੀਤੀ ਜਾਵੇਗੀ।