ਨਿਊਜ਼ ਪੰਜਾਬ
22 ਅਕਤੂਬਰ,2026
ਪੰਜਾਬੀ ਗਾਇਕ ਅਤੇ ਬਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। 30 ਅਕਤੂਬਰ 2026 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਉਨ੍ਹਾਂ ਦੇ ‘ਔਰਾ ਇੰਡੀਆ ਟੂਰ’ ਕੰਸਰਟ ਨੂੰ ਦਿੱਲੀ ਪੁਲਿਸ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਇਹ ਫੈਸਲਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ। ਇਸ ਸਬੰਧੀ ਦੱਖਣੀ ਜ਼ਿਲ੍ਹੇ ਦੇ ਡੀਸੀਪੀ ਦਫ਼ਤਰ ਵੱਲੋਂ ਪ੍ਰੋਗਰਾਮ ਦੇ ਪ੍ਰਬੰਧਕ ਬੁੱਕਮਾਈਸ਼ੋ ਨੂੰ ਪੱਤਰ ਵੀ ਭੇਜਿਆ ਗਿਆ ਹੈ। ਇਸ ਕੰਸਰਟ ਵਿੱਚ ਹਜ਼ਾਰਾਂ ਪ੍ਰਸ਼ੰਸਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ, ਪਰ ਪੁਲਿਸ ਅਨੁਸਾਰ ਮੌਜੂਦਾ ਹਾਲਾਤ ਵਿੱਚ ਇੰਨੀ ਵੱਡੀ ਭੀੜ ਦੀ ਸੁਰੱਖਿਆ ਯਕੀਨੀ ਬਣਾਉਣਾ ਚੁਣੌਤੀਪੂਰਨ ਹੈ। ਹਾਲਾਂਕਿ, ਸ਼ੋਅ ਦੀ ਅਗਲੀ ਯੋਜਨਾ ਜਾਂ ਕਿਸੇ ਹੋਰ ਤਾਰੀਖ਼ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
