ਐਮ ਐਲ ਏ ਅੰਗਦ ਸਿੰਘ ਵੱਲੋਂ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਨੂੰ ਕੋਵਿਡ ਮੁਕਤ ਬਣਾਉਣ ’ਚ ਜੁਟੀਆਂ ਆਸ਼ਾ ਵਰਕਰਾਂ, ਏ ਐਨ ਐਮਜ਼ ਤੇ ਫ਼ਾਰਮਾਸਿਸਟਾਂ ਦਾ ਸਨਮਾਨ

ਕਿਹਾ ਆਸ਼ਾ ਵਰਕਰਾਂ ਤੇ ਏ ਐਨ ਐਮਜ਼ ਵੱਲੋਂ ਜਾਨ ਜੋਖਮ ’ਚ ਪਾ ਕੇ ਕੀਤੀ ਜਾ ਰਹੀ ਸੇਵਾ ਸਾਡੇ ਲਈ ਮਿਸਾਲ

ਨਿਊਜ਼ ਪੰਜਾਬ

ਨਵਾਂਸ਼ਹਿਰ, 25 ਜੂਨ- ਵਿਧਾਇਕ ਅੰਗਦ ਸਿੰਘ ਨੇ ਅੱਜ ਇੱਥੇ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਨੂੰ ਕੋਵਿਡ ਮੁਕਤ ਬਣਾਉਣ ’ਚ ਜੁਟੀਆਂ ਨਵਾਂਸ਼ਹਿਰ ਹਲਕੇ ਨਾਲ ਸਬੰਧਤ 125 ਆਸ਼ਾ ਵਰਕਰਾਂ, 25 ਏ ਐਨ ਐਮਜ਼ ਅਤੇ 18 ਫ਼ਾਰਮਾਸਿਸਟਾਂ ਦਾ ਸਨਮਾਨ ਕਰਦਿਆਂ, ਉਨ੍ਹਾਂ ਨੂੰ ਮਾਨਵਤਾ ਦੀਆਂ ਦੂਤ ਵਜੋਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਏ ਸਹਿਮ ਦੇ ਮਾਹੌਲ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ਜ਼ੋਖਮ ’ਚ ਪਾ ਕੇ ਫ਼ੀਲਡ ਸਰਵੇਖਣ ’ਚ ਲੱਗੀਆਂ ਆਸ਼ਾ ਵਰਕਰਾਂ ਅਤੇ ਏ ਐਨ ਐਮਜ਼ ਵੱਲੋਂ ਕੀਤੀ ਜਾ ਰਹੀ ਸੇਵਾ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ।

ਵਿਧਾਇਕ ਅੰਗਦ ਸਿੰਘ ਜੋ ਕਿ ਕੋਰੋਨਾ ਕਾਲ ਦੌਰਾਨ ਸੇਵਾਵਾਂ ਦੇਣ ਵਾਲੇ ਮੋਹਰਲੀ ਕਤਾਰ ਦੇ ਯੋਧਿਆਂ ਨੂੰ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਕੰਮ ਦੀ ਹੌਂਸਲਾ ਅਫ਼ਜ਼ਾਈ ਲਈ ਪ੍ਰਸ਼ੰਸਾ ਪੱਤਰਾਂ ਅਤੇ ਥੋੜ੍ਹੀ-ਬਹੁਤੀ ਵਿੱਤੀ ਮੱਦਦ ਨਾਲ ਸਨਮਾਨ ਰਹੇ ਹਨ, ਨੇ ਇਸ ਮੌਕੇ ਕਿਹਾ ਕਿ ਮਨੁੱਖਤਾ ਦੀ ਸੇਵਾ ਉਹੀ ਮੰਨੀ ਜਾਂਦੀ ਹੈ, ਜੋ ਮੁਸ਼ਕਿਲ ਦੇ ਸਮੇਂ ’ਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਸਫ਼ਾਈ ਸੇਵਕ, ਪੁਲਿਸ ਕਰਮਚਾਰੀ, ਨਰਸਾਂ ਤੇ ਹੋਰ ਮੈਡੀਕਲ ਸਟਾਫ਼, ਡਾਕਟਰ, ਆਂਗਨਵਾੜੀ ਅਤੇ ਆਸ਼ਾ ਵਰਕਰ ਕਰੋਨਾ ਯੁੱਧ ਦੌਰਾਨ ਉਹ ਨਾਇਕ ਬਣ ਕੇ ਉਭਰੇ ਹਨ, ਜਿਨ੍ਹਾਂ ਆਪਣੀ ਜਾਨ ਅਤੇ ਆਪਣੇ ਆਪ ਨੂੰ ਲੱਗਣ ਵਾਲੀ ਖਤਰਨਾਕ ਬਿਮਾਰੀ ਦੀ ਲਾਗ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਡਿਊਟੀ ਕਰ ਰਹੇ ਹਨ।

ਐਮ ਐਲ ਏ ਅੰਗਦ ਸਿੰਘ ਅਨੁਸਾਰ ਉਨ੍ਹਾਂ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਅਜਿਹੇ ਖਤਰਨਾਕ ਹਾਲਾਤ ਦੇਖੇ ਹਨ, ਜਦੋਂ ਮਨੁੱਖ ਨੂੰ ਹੀ ਮਨੁੱਖ ਤੋਂ ਦੂਰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਜਦੋਂ ਕੋਈ ਸੰਕਟ ਆਉਂਦਾ ਹੈ ਤਾਂ ਅਸੀਂ ਇਕੱਠੇ ਹੋ ਕੇ, ਸਮੂਹਿਕ ਰੂਪ ’ਚ ਉਸ ਦਾ ਸਾਹਮਣਾ ਕਰਦੇ ਹਾਂ ਪਰ ਹੁਣ ਇਕੱਠੇ ਹੋਣ ਤੋਂ ਹੀ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਤਹਿਤ ਪੰਜਾਬ ਨੂੰ ਕੋਵਿਡ ਮੁਕਤ ਬਣਾਉਣ ’ਚ ਸਹਿਯੋਗ ਦੇਣ ਲਈ ਜ਼ਿਲ੍ਹੇ ਭਰ ’ਚ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨਣ, ਬਾਹਰ ਜਾ ਕੇ ਭੀੜ ਦਾ ਹਿੱਸਾ ਨਾ ਬਣ ਕੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋ ਕੇ ਜਾਂ ਰੋਗਾਣੂਮੁਕਤ ਘੋਲ ਨਾਲ ਸਾਫ਼ ਰੱਖਣ ਦੀ ਪੁਰਜ਼ੋਰ ਅਪੀਲ ਵੀ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਐਸ ਡੀ ਐਮ ਜਗਦੀਸ਼ ਸਿੰਘ ਜੌਹਲ, ਡੀ ਐਸ ਪੀ ਹਰਨੀਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਐਸ ਐਮ ਓ ਡਾ. ਹਰਵਿੰਦਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਨ ਮਜਾਰਾ, ਜੋਗਿੰਦਰ ਸਿੰਘ ਬਘੌਰਾਂ, ਸਚਿਨ ਦੀਵਾਨ, ਸਤਨਾਮ ਸਿੰਘ ਤੇ ਬਿੱਟੂ ਮੌਜੂਦ ਸਨ।

ਫ਼ੋਟੋ ਕੈਪਸ਼ਨ: ਐਮ ਐਲ ਏ ਅੰਗਦ ਸਿੰਘ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਯੁੱਧ ਦੇ ਨਾਇਕਾਂ ਆਸ਼ਾ, ਏ ਐਨ ਐਮ ਤੇ ਫ਼ਰਮਾਸਿਸਟਾਂ ਨੂੰ ਸਨਮਾਨਦੇ ਹੋਏ।