ਓਟ ਸੈਂਟਰ ਬਣੇ ਰਾਹ ਤੋਂ ਭਟਕਿਆਂ ਦਾ ਸਹਾਰਾ – ਇੱਕ ਹਫ਼ਤੇ ਦੀ ਦਵਾਈ ਦਿੱਤੀ ਜਾਂਦੀ ਹੈ ਮਰੀਜ਼ਾਂ ਨੂੰ
ਨਿਊਜ਼ ਪੰਜਾਬ
ਨਵਾਂਸ਼ਹਿਰ, 25 ਜੂਨ- ਜ਼ਿਲ੍ਹੇ ’ਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਸਥਾਪਿਤ 7 ਓਟ ਸੈਂਟਰ ਅਤੇ ਅੱਠਵਾਂ ਓ ਐਸ ਟੀ ਸੈਂਟਰ ਰਾਹ ਤੋਂ ਭਟਕੇ ਨੌਜੁਆਨਾਂ ਲਈ ਵੱਡਾ ਸਹਾਰਾ ਬਣ ਕੇ ਉਭਰੇ ਹਨ। ਇਨ੍ਹਾਂ ਓਟ ਸੈਂਟਰਾਂ ’ਚ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਓਟ ਸੈਂਟਰਾਂ ਦੇ ਇੰਚਾਰਜ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜ ਰਾਣੀ ਅਨੁਸਾਰ ਲਾਕਡਾਊਨ ਦੌਰਾਨ ਜ਼ਿਲ੍ਹੇ ਦੇ ਓਟ ਸੈਂਟਰਾਂ ’ਚ 65 ਫ਼ੀਸਦੀ ਨਵੀਂ ਰਜਿਸਟ੍ਰੇਸ਼ਨ ਕੀਤੀ ਗਈ। ਉਹ ਦੱਸਦੇ ਹਨ ਕਿ ਜ਼ਿਲ੍ਹੇ ’ਚ ਮਈ 2018 ਤੋਂ ਓਟ ਸੈਂਟਰਾਂ ਦੇ ਖੁੱਲ੍ਹਣ ਬਾਅਦ ਪਹਿਲੀ ਵਾਰ ਏਨੀ ਵੱਡੀ ਗਿਣਤੀ ’ਚ ਰਜਿਸਟ੍ਰੇਸ਼ਨ ’ਚ ਉਛਾਲ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਓਟ ਸੈਂਟਰ ’ਤੇ ਆਉਣ ਵਾਲੇ ਨੂੰ ਸਭ ਤੋਂ ਪਹਿਲਾਂ ਉਸ ਦੀ ਹਿਸਟਰੀ ਮੁਤਾਬਕ ਕੌਂਸਲਿੰਗ ਕੀਤੀ ਜਾਂਦੀ ਹੈ। ਉਸ ਨੂੰ ਨਸ਼ੇ ਨੂੰ ਅਲਵਿਦਾ ਕਹਿਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਲੋੜੀਂਦੇ ਟੈਸਟ ਜੇਕਰ ਹਿਸਟਰੀ ਮੁਤਾਬਕ ਲਾਜ਼ਮੀ ਹੋਣ ਤਾਂ, ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਓਟ ਸੈਂਟਰ ’ਤੇ ਇਲਾਜ ’ਤੇ ਲਾਏ ਜਾਣ ਬਾਅਦ ਉਨ੍ਹਾਂ ਦੀ ਦੂਸਰੀ ਸਭ ਤੋਂ ਵੱਡੀ ਕੋਸ਼ਿਸ਼ ਸਬੰਧਤ ਨੌਜੁਆਨ ਨੂੰ ਨਿਯਮਿਤ ਤੌਰ ’ਤੇ ਓਟ ਸੈਂਟਰ ਬੁਲਾਉਣ ਅਤੇ ਉਸ ਦਾ ਦੂਸਰੇ ਨਸ਼ਿਆਂ ਤੋਂ ਖਹਿੜਾ ਛੁਡਾਉਣ ਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਕੇਸ ਰੀ-ਲੈਪਸ ਕਰ ਜਾਂਦਾ ਹੈ ਜਾਂ ਛੱਡ ਜਾਂਦਾ ਹੈ ਤਾਂ ਬਾਕਾਇਦਾ ਉਸ ਵੱਲੋਂ ਦਿੱਤੇ ਫ਼ੋਨ ’ਤੇ ਸੰਪਰਕ ਕੀਤਾ ਜਾਂਦਾ ਹੈ ਅਤੇ ਜੇਕਰ ਫ਼ੋਨ ’ਤੇ ਸੰਭਵ ਨਾ ਹੋਵੇ ਤਾਂ ਉਸ ਦੇ ਘਰ ਤੱਕ ਪਹੁੰਚ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ਾ ਛਡਾਉਣਾ ਅਤੇ ਛੱਡਣਾ ਇੱਕ ਤਪੱਸਿਆ ਵਾਂਗ ਹੈ, ਜਿਸ ਵਿੱਚ ਜੇਕਰ ਇੱਕ ਵਾਰ ਵੀ ਮਰੀਜ਼ ਰੀ-ਲੈਪਸ ਕਰ ਜਾਵੇ ਤਾਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਰੀ-ਲੈਪਸ ਕਰਨ ਦਾ ਮੌਕਾ ਨਾ ਦਿੱਤਾ ਜਾਵੇ।
ਡਾ. ਰਾਜ ਰਾਣੀ ਅਨੁਸਾਰ ਲਾਕਡਾਊਨ ਤੋਂ ਪਹਿਲਾਂ 22 ਮਾਰਚ ਤੱਕ 3061 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸੀ ਜੋ ਲਾਕਡਾਊਨ ਦੌਰਾਨ 5661 ’ਤੇ ਪੁੱਜ ਗਈ। ਇਸ ਵਿੱਚ ਇਕੱਲੇ ਅਪਰੈਲ ਮਹੀਨੇ ਦੌਰਾਨ ਹੀ 1726 ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸਿਖਰਾਂ ’ਤੇ ਪੁੱਜਣ ਦੌਰਾਨ ਵੀ ਜ਼ਿਲ੍ਹੇ ’ਚ ਨਾ ਸਿਰਫ਼ ਇਨ੍ਹਾਂ ਓਟ ਸੈਂਟਰਾਂ ਨੂੰ ਚਲਦਾ ਰੱਖਿਆ ਗਿਆ ਬਲਕਿ ਕੰਨਟੇਨਮੈਂਟ ਜ਼ੋਨਾਂ ’ਚ ਵਿਸ਼ੇਸ਼ ਟੀਮਾਂ ਭੇਜ ਕੇ, ਮਰੀਜ਼ਾਂ ਦੀ ਦਵਾਈ ਵੀ ਜਾਰੀ ਰੱਖੀ ਗਈ।
ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ’ਚ ਨਵਾਂਸ਼ਹਿਰ (ਸਿਵਲ ਸਰਜਨ ਦਫ਼ਤਰ ਬਿਲਡਿੰਗ), ਬਲਾਚੌਰ, ਬੰਗਾ, ਮੁਕੰਦਪੁਰ, ਰਾਹੋਂ, ਸੜੋਆ, ਕਾਠਗੜ੍ਹ ਵਿਖੇ ਓਟ ਸੈਂਟਰ ਚਲਾਏ ਜਾ ਰਹੇ ਹਨ ਜਿੱਥੇ ਹਰੇਕ ਓਟ ਸੈਂਟਰ ’ਚ ਮੈਡੀਕਲ ਅਫ਼ਸਰ, ਕੌਂਸਲਰ, ਸਟਾਫ਼ ਨਰਸ ਅਤੇ ਕੰਪਿਊਟਰ ਅਪਰੇਟਰ ’ਤੇ ਆਧਾਰਿਤ ਚਾਰ ਮੈਂਬਰੀ ਟੀਮ ਤਾਇਨਾਤ ਹੈ।
ਫ਼ੋਟੋ ਕੈਪਸ਼ਨ: ਜ਼ਿਲ੍ਹੇ ਦੇ ਇੱਕ ਓਟ ਸੈਂਟਰ ਦੇ ਬਾਹਰ ਡਾਕਟਰ ਤੇ ਸਟਾਫ਼ ਮਰੀਜ਼ਾਂ ਨੂੰ ਨਸ਼ਿਆਂ ਤੇ ਨਜਾਇਜ਼ ਤਸਕਰੀ ਖ਼ਿਲਾਫ਼ ਕੌਮਾਂਤਰੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹੋਇਆ।