ਨਿਊਜ਼ ਪੰਜਾਬ
25 ਸਤੰਬਰ,2026
ਬਰਖਾਸਤ AIG ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਖਿਲਾਫ ਲੱਗੇ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਕਰੀਬ 6 ਸਾਲਾਂ ਤੋਂ ਫਰਾਰ ਚੱਲ ਰਹੇ ਰਾਜਜੀਤ ਸਿੰਘ ਨੇ ਹਾਲ ਹੀ ਵਿੱਚ ਪਟਿਆਲਾ ਪੁਲਿਸ ਅੱਗੇ ਸਰੰਡਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਉਨ੍ਹਾਂ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਮਿਲਿਆ ਹੈ। ਰਾਜਜੀਤ ਸਿੰਘ ’ਤੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਨੈਕਸਸ ਚਲਾਉਣ, ਨਸ਼ੇ ਨਾਲ ਸਬੰਧਤ 50 ਤੋਂ ਵੱਧ ਕਾਨੂੰਨੀ ਸੈਂਪਲ ਜਾਣਬੁੱਝ ਕੇ ਫੇਲ੍ਹ ਕਰਵਾਉਣ ਅਤੇ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਨੂੰ ਫਾਇਦਾ ਪਹੁੰਚਾਉਣ ਦੇ ਇਲਜ਼ਾਮ ਹਨ। ਇਸ ਤੋਂ ਇਲਾਵਾ ਉਨ੍ਹਾਂ ’ਤੇ ਅਮੀਰ ਲੋਕਾਂ ਖਿਲਾਫ ਕਥਿਤ ਤੌਰ ’ਤੇ ਝੂਠੇ ਨਸ਼ੇ ਦੇ ਕੇਸ ਦਰਜ ਕਰਕੇ ਕਰੋੜਾਂ ਰੁਪਏ ਵਸੂਲਣ ਦੇ ਵੀ ਦੋਸ਼ ਲੱਗੇ ਹਨ। ਵਿਜੀਲੈਂਸ ਵੱਲੋਂ ਉਨ੍ਹਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। High Court ਦੇ ਹੁਕਮਾਂ ’ਤੇ 2017 ਵਿੱਚ ਮਾਮਲੇ ਦੀ ਜਾਂਚ ਲਈ 3 ਮੈਂਬਰੀ SIT ਬਣਾਈ ਗਈ ਸੀ ਅਤੇ ਅਪ੍ਰੈਲ 2023 ਵਿੱਚ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
