ਨਿਊਜ਼ ਪੰਜਾਬ
24 ਸਤੰਬਰ,2026
ਜਲੰਧਰ ਪੱਛਮੀ ਦੇ ਬਸਤੀ ਸ਼ੇਖ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਭਾਜਪਾ ਵਰਕਰ ਦੇ ਘਰ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਡ ਨੰਬਰ 44 ਦੀ ਭਾਜਪਾ ਵਰਕਰ ਅਸ਼ਵਨੀ ਅਟਵਾਲ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ 8 ਤੋਂ 10 ਨੌਜਵਾਨਾਂ ਨੇ ਘਰ ‘ਤੇ ਅਚਾਨਕ ਪੱਥਰਬਾਜ਼ੀ ਕਰ ਦਿੱਤੀ। ਇਸ ਦੌਰਾਨ ਘਰ ਦੇ ਬਾਹਰ ਖੜ੍ਹੀ ਕਾਰ ਦੀ ਵਿੰਡਸ਼ੀਲਡ ਟੁੱਟ ਗਈ, ਜਦਕਿ ਦਖਲ ਦੇਣ ਆਈ ਇੱਕ ਬਜ਼ੁਰਗ ਔਰਤ ਵੀ ਇੱਟ ਲੱਗਣ ਕਾਰਨ ਜ਼ਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 150-200 ਰੁਪਏ ਦੀ ਦਿਹਾੜੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਹ ਘਟਨਾ ਵਾਪਰੀ। ਘਟਨਾ ਸਮੇਂ ਘਰ ਅੰਦਰ ਬੱਚੇ ਅਤੇ ਔਰਤਾਂ ਵੀ ਮੌਜੂਦ ਸਨ, ਜਿਸ ਕਾਰਨ ਪਰਿਵਾਰ ਵਿੱਚ ਡਰ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ‘ਤੇ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਸ਼ਿਕਾਇਤ ਦਰਜ ਕਰਕੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
