ਨਿਊਜ਼ ਪੰਜਾਬ
24 ਸਤੰਬਰ 2026
ਗ੍ਰੇਟਰ ਨੋਇਡਾ ਦੇ ਜੇਵਰ ਥਾਣਾ ਖੇਤਰ ਵਿੱਚ ਯਮੁਨਾ ਐਕਸਪ੍ਰੈਸਵੇਅ ’ਤੇ ਇੱਕ ਸਲੀਪਰ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਦਯਾਨਤਪੁਰ ਪਿੰਡ ਨੇੜੇ ਵਾਪਰਿਆ, ਜਿੱਥੇ ਬੱਸ ਗ੍ਰੇਟਰ ਨੋਇਡਾ ਤੋਂ ਆਗਰਾ ਵੱਲ ਜਾ ਰਹੀ ਸੀ। ਬੱਸ ਵਿੱਚ ਉਸ ਸਮੇਂ ਕਰੀਬ 40 ਤੋਂ 50 ਯਾਤਰੀ ਸਵਾਰ ਸਨ। ਅਚਾਨਕ ਬੱਸ ਦੇ ਅੰਦਰ ਅੱਗ ਲੱਗ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦਾ ਪਤਾ ਲੱਗਣ ’ਤੇ ਡਰਾਈਵਰ ਨੇ ਬੱਸ ਨੂੰ ਐਕਸਪ੍ਰੈਸਵੇਅ ਦੇ ਕਿਨਾਰੇ ਰੋਕ ਦਿੱਤਾ, ਜਿਸ ਤੋਂ ਬਾਅਦ ਕਈ ਯਾਤਰੀ ਤੁਰੰਤ ਬਾਹਰ ਨਿਕਲ ਆਏ ਅਤੇ ਕੁਝ ਨੇ ਆਪਣੀ ਜਾਨ ਬਚਾਉਣ ਲਈ ਬੱਸ ਤੋਂ ਛਾਲ ਵੀ ਮਾਰੀ। ਹਾਲਾਂਕਿ ਅੱਗ ਤੇਜ਼ੀ ਨਾਲ ਫੈਲਣ ਕਾਰਨ ਕੁਝ ਯਾਤਰੀ ਬੱਸ ਅੰਦਰ ਫਸ ਗਏ।
ਨੋਇਡਾ ਪੁਲਿਸ ਮੁਤਾਬਕ ਇਸ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਜ਼ਖਮੀਆਂ ਨੂੰ ਇਲਾਜ ਲਈ ਕੈਲਾਸ਼ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਔਰਤ ਅਤੇ ਇੱਕ ਅਪਾਹਜ ਬੱਚੇ ਦੇ ਸ਼ਾਮਲ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਮੌਕੇ ’ਤੇ ਚਾਰ ਤੋਂ ਪੰਜ ਫਾਇਰ ਇੰਜਣਾਂ ਨੇ ਪਹੁੰਚ ਕੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਦਸੇ ਕਾਰਨ ਜੇਵਰ ਟੋਲ ਅਤੇ ਫਲੈਦਾ ਕਰਾਸਿੰਗ ਦੇ ਨੇੜੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਹਾਦਸੇ ਦਾ ਨੋਟਿਸ ਲੈਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਨੂੰ ਹਰ ਸੰਭਵ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਫਿਲਹਾਲ ਬੱਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
