ਬਰਨਾਲਾ ‘ਚ ਤੇਜ਼ਧਾਰ ਹਥਿਆਰ ਨਾਲ ਦੁਸਹਿਰਾ ਗਰਾਂਊਂਡ’ਚ ਨੌਜਵਾਨ ਦਾ ਕਤਲ

ਨਿਊਜ਼ ਪੰਜਾਬ

3 ਅਕਤੂਬਰ 2025

ਬਰਨਾਲਾ ਵਿਖੇ ਦੁਸਹਿਰਾ ਗਰਾਂਊਂਡ ਵਿੱਚ ਇੱਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਂਟ ਕਰਨ ਤੋਂ ਕੁਝ ਸਮਾਂ ਬਾਅਦ ਜਦੋਂ ਪ੍ਰਬੰਧਕ ਅਤੇ ਲੋਕ ਦੁਸਹਿਰਾ ਗਰਾਂਊਂਡ ਦੇ ਵਿੱਚੋਂ ਚਲੇ ਗਏ ਤਾਂ ਕੁਝ ਨੌਜਵਾਨਾਂ ਨੇ ਕਿਰਚ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਮੌਰਚਰੀ ਵਿੱਚ ਰਖਵਾ ਦਿੱਤੀ ਹੈ। ਮ੍ਰਿਤਕ ਨੌਜਵਾਨ ਸ਼ਾਦੀਸ਼ੁਦਾ ਸੀ ਜਿਸਦੀ ਅੱਠ ਕੁ ਮਹੀਨੇ ਦੀ ਇੱਕ ਬੇਟੀ, ਪਤਨੀ ਅਤੇ ਮਾਤਾ ਪਿਤਾ ਹਨ। ਮ੍ਰਿਤਕ ਨੌਜਵਾਨ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸੀ।

ਮ੍ਰਿਤਕ ਦੇ ਘਰ ਸੱਥਰ ‘ਤੇ ਬੈਠੇ ਉਸ ਦੇ ਪਿਤਾ ਭੋਲਾ ਸਿੰਘ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਿਟੀ-1 ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਨੌਜਵਾਨ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।