ਨਿਊਜ਼ ਪੰਜਾਬ
14 ਸਤੰਬਰ,2026
ਪੰਜਾਬ ‘ਚ ਏਸ਼ੀਅਨ ਚੈਂਪੀਅਨਸ ਟਰਾਫੀ ਪੰਜਾਬ 2026 ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੂਰਨਾਮੈਂਟ ਦਾ ਸ਼ੈਡਿਊਲ ਅਤੇ ਲੋਗੋ ਜਾਰੀ ਕੀਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਤੋਂ ਹੋਵੇਗੀ, ਜਦਕਿ ਖਿਤਾਬੀ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਵਿੱਚ ਖੇਡਿਆ ਜਾਵੇਗਾ।ਇਸ ਵੱਡੇ ਹਾਕੀ ਟੂਰਨਾਮੈਂਟ ਵਿੱਚ ਭਾਰਤ ਸਮੇਤ ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਅਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ, ਜਦਕਿ ਓਮਾਨ ਅਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਟੂਰਨਾਮੈਂਟ ਲਈ 25.40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਦਰਸ਼ਕਾਂ ਲਈ ਪੂਰੇ ਟੂਰਨਾਮੈਂਟ ਦੌਰਾਨ ਐਂਟਰੀ ਮੁਫ਼ਤ ਰਹੇਗੀ।
ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦੀ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਅਤੇ ਹਾਕੀ ਪੰਜਾਬ ਦੀ ਜਿੰਦ-ਜਾਨ ਹੈ। ਉਨ੍ਹਾਂ ਮੁਤਾਬਕ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 8-9 ਖਿਡਾਰੀ ਆਪਣੀ ਨੁਮਾਇੰਦਗੀ ਕਰ ਰਹੇ ਹਨ। ਸਰਕਾਰ ਵੱਲੋਂ ਖਿਡਾਰੀਆਂ ਨੂੰ ਨੈਸ਼ਨਲ ਪੱਧਰ ਦੀਆਂ ਸਹੂਲਤਾਂ ਦੇਣ ਅਤੇ ਪੰਜਾਬ ਵਿੱਚ ਹਾਕੀ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਵਿਦੇਸ਼ੀ ਖਿਡਾਰੀਆਂ ਨੂੰ ਪੰਜਾਬ ਦੀ ਖੇਡ ਅਤੇ ਸੱਭਿਆਚਾਰਕ ਵਿਰਾਸਤ ਨਾਲ ਵੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੂੰ ਅੰਮ੍ਰਿਤਸਰ, ਵਾਹਗਾ ਬਾਰਡਰ ਅਤੇ ਜਲ੍ਹਿਆਂਵਾਲਾ ਬਾਗ ਵਰਗੀਆਂ ਇਤਿਹਾਸਕ ਥਾਵਾਂ ਦਾ ਦੌਰਾ ਕਰਵਾਉਣ ਦੇ ਨਾਲ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਰਗੇ ਪੰਜਾਬੀ ਰਵਾਇਤੀ ਪਕਵਾਨ ਵੀ ਪਰੋਸੇ ਜਾਣਗੇ। ਹਰ ਮੈਚ ਦੌਰਾਨ ਸੱਭਿਆਚਾਰਕ ਪ੍ਰੋਗਰਾਮ, ਬੱਚਿਆਂ ਲਈ ਵਿਸ਼ੇਸ਼ ਗਤੀਵਿਧੀਆਂ ਅਤੇ ਦਿੱਗਜ ਹਾਕੀ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਜੂਨੀਅਰ ਅਤੇ ਸੀਨੀਅਰ ਹਾਕੀ ਲੀਗ ਕਰਵਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਹੀ ਹੈ ਅਤੇ ਹਾਕੀ ਇੰਡੀਆ ਲੀਗ ਵਿੱਚ ਪੰਜਾਬ ਦੀਆਂ ਮਹਿਲਾ% ਤੇ ਪੁਰਸ਼ ਟੀਮਾਂ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
