ਖੰਨਾ ਦੇ ਪਿੰਡ ਭਾਦਲਾ ‘ਚ ਦਰਦਨਾਕ ਹਾਦਸਾ, ਕਾਰ ਹੇਠਾਂ ਆਉਣ ਨਾਲ 3 ਸਾਲਾ ਮਾਸੂਮ ਦੀ ਮੌਤ

ਨਿਊਜ਼ ਪੰਜਾਬ

14 ਸਤੰਬਰ 2026

ਖੰਨਾ ਦੇ ਪਿੰਡ ਭਾਦਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ, ਜਿੱਥੇ ਘਰ ਦੇ ਬਾਹਰ ਹੋਰ ਬੱਚਿਆਂ ਨਾਲ ਖੇਡ ਰਹੇ 3 ਸਾਲਾ ਮਾਸੂਮ ਪਰਮਵੀਰ ਦੀ ਕਾਰ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਰਮਵੀਰ ਬੀਤੇ ਦਿਨੀਂ ਆਪਣੇ ਘਰ ਦੇ ਬਾਹਰ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਇੱਕ ਗੁਆਂਢੀ ਆਪਣੀ ਕਾਰ ਲੈ ਕੇ ਉੱਥੇ ਪਹੁੰਚਿਆ ਅਤੇ ਅਚਾਨਕ ਕਾਰ ਦੀ ਚਪੇਟ ਵਿੱਚ ਆਉਣ ਨਾਲ ਪਰਮਵੀਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਪਰਮਵੀਰ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਆਪਣੇ 3 ਸਾਲਾ ਪੁੱਤਰ ਨੂੰ ਗੁਆਉਣ ਤੋਂ ਬਾਅਦ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ।

ਪਰਿਵਾਰ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚੇ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਕਾਰ ਚਾਲਕ ਕਥਿਤ ਤੌਰ ‘ਤੇ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਲਾਪਰਵਾਹੀ ਨਾਲ ਕਾਰ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।