ਕਿਸਾਨਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, PAU ਲੁਧਿਆਣਾ ’ਚ ਬਣੇਗਾ ‘ਬਾਗਬਾਨੀ ਨਾਲੇਜ ਸੈਂਟਰ’

ਨਿਊਜ਼ ਪੰਜਾਬ

3 ਸਤੰਬਰ,2026

ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਜਾਪਾਨ ਦੀ ਸੰਸਥਾ JICA (Japan International Cooperation Agency) ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ‘ਬਾਗਬਾਨੀ ਨਾਲੇਜ ਸੈਂਟਰ’ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸੈਂਟਰ ਰਾਹੀਂ ਕਿਸਾਨਾਂ ਨੂੰ ਬਾਗਬਾਨੀ ਨਾਲ ਜੁੜੀਆਂ ਆਧੁਨਿਕ ਤਕਨੀਕਾਂ, ਨਵੀਆਂ ਖੇਤੀ ਵਿਧੀਆਂ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਰਕਾਰ ਦਾ ਮਕਸਦ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਨਾਲ-ਨਾਲ ਬਾਗਬਾਨੀ ਵੱਲ ਪ੍ਰੇਰਿਤ ਕਰਕੇ ਖੇਤੀ ਵਿੱਚ ਵਿਭਿੰਨਤਾ ਲਿਆਉਣਾ ਹੈ। ਇਸ ਦੇ ਨਾਲ ਹੀ ਮਿੱਟੀ ਦੀ ਸਿਹਤ ਸੁਧਾਰਨ, ਪਾਣੀ ਦੀ ਸੰਭਾਲ ਕਰਨ ਅਤੇ ਘੱਟ ਸਰੋਤਾਂ ਨਾਲ ਵਧੀਆ ਉਤਪਾਦਨ ਲਈ ਆਧੁਨਿਕ ਤਰੀਕਿਆਂ ਨੂੰ ਅਪਣਾਉਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ। CM ਭਗਵੰਤ ਮਾਨ ਮੁਤਾਬਕ ਇਹ ਪਹਿਲ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਦੇ ਨਾਲ ਉਨ੍ਹਾਂ ਦੀ ਆਮਦਨ ਵਧਾਉਣ ਅਤੇ ਪੰਜਾਬ ਵਿੱਚ ਟਿਕਾਊ ਖੇਤੀ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।