ਕੌਸ਼ਲਿਆ ਨਦੀ ਦੇ ਤੇਜ਼ ਵਹਾਅ ’ਚ ਫਸਿਆ ਟੈਂਪੋ ਟ੍ਰੈਵਲਰ, ਬੱਚਿਆਂ ਸਮੇਤ 12 ਲੋਕਾਂ ਦੀ ਜਾਨ ਖ਼ਤਰੇ ’ਚ

ਨਿਊਜ਼ ਪੰਜਾਬ

30 ਅਗਸਤ,2029

ਪੰਚਕੂਲਾ ਦੇ ਪਿੰਜੌਰ ਵਿੱਚ ਕੌਸ਼ਲਿਆ ਨਦੀ ਦੇ ਤੇਜ਼ ਵਹਾਅ ਕਾਰਨ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਚੰਡੀਗੜ੍ਹ ਤੋਂ ਆਇਆ ਇੱਕ ਟੈਂਪੋ ਟ੍ਰੈਵਲਰ ਅਚਾਨਕ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ। ਦੱਸਿਆ ਜਾ ਰਿਹਾ ਹੈ ਕਿ ਟੈਂਪੋ ਟ੍ਰੈਵਲਰ ਵਿੱਚ ਬੱਚਿਆਂ ਸਮੇਤ ਲਗਭਗ 10 ਤੋਂ 12 ਲੋਕ ਸਵਾਰ ਸਨ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਪਹਾੜੀ ਨਦੀਆਂ ਵਿੱਚ ਪਾਣੀ ਦਾ ਪੱਧਰ ਅਤੇ ਵਹਾਅ ਕਾਫ਼ੀ ਵਧਿਆ ਹੋਇਆ ਹੈ। ਇਸ ਦੌਰਾਨ ਪਰਿਵਾਰ ਕੌਸ਼ਲਿਆ ਨਦੀ ਦੇ ਸ਼ਿਵਲੋਤਰੀ ਵਾਲੇ ਪਾਸੇ ਪਹੁੰਚਿਆ ਸੀ, ਜਿੱਥੇ ਵਾਹਨ ਤੇਜ਼ ਪਾਣੀ ਵਿੱਚ ਫਸ ਗਿਆ ਅਤੇ ਸਵਾਰੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਜੌਰ ਪੁਲਿਸ ਦੀ ਟੀਮ, ERV ਗੱਡੀਆਂ ਅਤੇ ਐਂਬੂਲੈਂਸਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੂੰ ਟੈਂਪੋ ਟ੍ਰੈਵਲਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਦਮਦਮਾ ਪਿੰਡ ਰਾਹੀਂ ਪੈਦਲ ਚੋਟੀ ’ਤੇ ਪਹੁੰਚਾਇਆ ਗਿਆ, ਜਦਕਿ ਬਾਕੀ ਲੋਕਾਂ ਨੂੰ ਵੀ ਤੇਜ਼ ਵਹਾਅ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪਾਣੀ ਦੇ ਤੇਜ਼ ਵਹਾਅ ਵਿਚਕਾਰ ਫਸੇ ਵਾਹਨ ਅਤੇ ਬਚਾਅ ਕਾਰਜ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ। ਸਮੇਂ ਸਿਰ ਪੁਲਿਸ ਅਤੇ ਰਾਹਤ ਟੀਮ ਦੇ ਪਹੁੰਚਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।