PU ਹੋਸਟਲ ’ਚ 22 ਸਾਲਾ ਵਿਦਿਆਰਥੀ ਦੀ ਮੌਤ, ਚੋਣਾਂ ਤੋਂ ਪਹਿਲਾਂ ਕੈਂਪਸ ’ਚ ਛਾਇਆ ਸੋਗ

ਨਿਊਜ਼ ਪੰਜਾਬ

30 ਅਗਸਤ,2026

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਤੋਂ ਠੀਕ ਪਹਿਲਾਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ ਹੋਸਟਲ ਵਿੱਚ 22 ਸਾਲਾ ਵਿਦਿਆਰਥੀ ਚੈਤੰਨਿਆ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਕੈਂਪਸ ਵਿੱਚ ਸੋਗ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਪਾਣੀਪਤ ਵਾਸੀ ਚੈਤੰਨਿਆ ਪੰਜਾਬ ਯੂਨੀਵਰਸਿਟੀ ਵਿੱਚ BA LLB ਦੇ ਪੰਜਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਵਿਦਿਆਰਥੀ ਰਾਜਨੀਤੀ ਵਿੱਚ ਵੀ ਸਰਗਰਮ ਦੱਸਿਆ ਜਾ ਰਿਹਾ ਹੈ। ਪਰਿਵਾਰ ਮੁਤਾਬਕ ਸ਼ਨੀਵਾਰ ਸਵੇਰ ਤੋਂ ਉਸ ਨਾਲ ਫੋਨ ’ਤੇ ਸੰਪਰਕ ਨਹੀਂ ਹੋ ਰਿਹਾ ਸੀ। ਰਾਤ ਨੂੰ ਸਾਥੀ ਵਿਦਿਆਰਥੀਆਂ ਵੱਲੋਂ ਹੋਸਟਲ ਦੇ ਕਮਰੇ ਵਿੱਚ ਪਹੁੰਚਣ ’ਤੇ ਦਰਵਾਜ਼ਾ ਤੋੜਿਆ ਗਿਆ, ਜਿੱਥੇ ਉਹ ਬੇਹੋਸ਼ ਹਾਲਤ ਵਿੱਚ ਮਿਲਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ PGIMER ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਮਰੇ ਨੂੰ ਜਾਂਚ ਲਈ ਸੁਰੱਖਿਅਤ ਕਰ ਦਿੱਤਾ।

CFSL ਟੀਮ ਨੇ ਮੌਕੇ ਤੋਂ ਉਂਗਲਾਂ ਦੇ ਨਿਸ਼ਾਨ ਅਤੇ ਹੋਰ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਮੋਬਾਈਲ ਫੋਨ ਸਮੇਤ ਕਮਰੇ ਵਿੱਚੋਂ ਕੁਝ ਸਮਾਨ ਕਬਜ਼ੇ ਵਿੱਚ ਲਿਆ ਹੈ। ਫਿਲਹਾਲ ਮੌਤ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।