ਨੇਪਾਲ ’ਚ ਭਿਆਨਕ ਹੜ੍ਹਾਂ ਨੇ ਮਚਾਈ ਤਬਾਹੀ, 6 ਹਾਈਡ੍ਰੋਪਾਵਰ ਪ੍ਰੋਜੈਕਟਾਂ ’ਚ 500 ਤੋਂ ਵੱਧ ਲੋਕ ਫਸੇ

ਨਿਊਜ਼ ਪੰਜਾਬ

30 ਅਗਸਤ,2026

ਨੇਪਾਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਆਏ ਭਿਆਨਕ ਹੜ੍ਹਾਂ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ। ਰਸੁਵਾ ਜ਼ਿਲ੍ਹੇ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਚਿੰਤਾਜਨਕ ਬਣੇ ਹੋਏ ਹਨ, ਜਿੱਥੇ ਘੱਟੋ-ਘੱਟ ਛੇ ਪਣ-ਬਿਜਲੀ ਪ੍ਰੋਜੈਕਟਾਂ ਵਿੱਚ 500 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਨੇਪਾਲ ਫੌਜ ਅਤੇ ਨੇਪਾਲ ਆਰਮਡ ਪੁਲਿਸ ਫੋਰਸ ਵੱਲੋਂ ਵੱਡੇ ਪੱਧਰ ’ਤੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਕਰੀਬ 11 ਹਜ਼ਾਰ ਸੁਰੱਖਿਆ ਕਰਮਚਾਰੀ—7 ਹਜ਼ਾਰ ਫੌਜੀ ਅਤੇ 4 ਹਜ਼ਾਰ ਆਰਮਡ ਪੁਲਿਸ ਜਵਾਨ—ਮੁਸ਼ਕਲ ਹਾਲਾਤਾਂ ਵਿੱਚ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ।

ਬਚਾਅ ਟੀਮਾਂ ਉੱਪਰੀ ਤ੍ਰਿਸ਼ੂਲੀ, ਉੱਪਰੀ ਤ੍ਰਿਸ਼ੂਲੀ-1, ਰਸੁਵਾ, ਤ੍ਰਿਸ਼ੂਲੀ 3A, ਚਿਲੀਮੇ ਖੋਲਾ ਅਤੇ ਲੰਗਟਾਂਗ ਪਣ-ਬਿਜਲੀ ਪ੍ਰੋਜੈਕਟਾਂ ’ਤੇ ਖਾਸ ਧਿਆਨ ਦੇ ਰਹੀਆਂ ਹਨ। ਭਾਰੀ ਮੀਂਹ, ਖਰਾਬ ਮੌਸਮ, ਟੁੱਟੀਆਂ ਸੜਕਾਂ, ਵੱਡੇ ਪੱਥਰ, ਚਿੱਕੜ ਅਤੇ ਮਲਬੇ ਕਾਰਨ ਰਾਹਤ ਟੀਮਾਂ ਨੂੰ ਪ੍ਰਭਾਵਿਤ ਥਾਵਾਂ ਤੱਕ ਪਹੁੰਚਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਇਸ ਦੇ ਬਾਵਜੂਦ ਡਰੋਨ ਸਮੇਤ ਵੱਖ-ਵੱਖ ਸਾਧਨਾਂ ਦੀ ਮਦਦ ਨਾਲ ਫਸੇ ਲੋਕਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਰਸੁਵਾ ਦੇ ਤਿਮੁਰੇ ਇਲਾਕੇ ਵਿੱਚ ਲਗਭਗ 60 ਘੰਟਿਆਂ ਤੱਕ ਮਲਬੇ ਹੇਠ ਦੱਬੀ 6 ਸਾਲਾ ਮਨੀਸ਼ਾ ਨੂੰ ਸੁਰੱਖਿਆ ਕਰਮਚਾਰੀਆਂ ਨੇ ਉਸ ਦੀਆਂ ਚੀਕਾਂ ਸੁਣ ਕੇ ਜ਼ਿੰਦਾ ਬਚਾ ਲਿਆ। ਹਾਲਾਂਕਿ ਬੱਚੀ ਦੇ ਮਾਪਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਰਾਹਤ ਕਾਰਜਾਂ ਦੌਰਾਨ 13 ਸੁਰੱਖਿਆ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ, ਜਿਸ ਕਾਰਨ ਬਚਾਅ ਮੁਹਿੰਮ ਹੋਰ ਵੀ ਚੁਣੌਤੀਪੂਰਨ ਬਣ ਗਈ ਹੈ।