ਨਿਊਜ਼ ਪੰਜਾਬ
9 ਅਗਸਤ,2026
ਕੈਨੇਡਾ ਦੇ ਟੋਰਾਂਟੋ ਵਿੱਚ 30 ਸਾਲਾ ਭਾਰਤੀ ਮੂਲ ਦੀ ਔਰਤ ਹਿਮਾਂਸ਼ੀ ਖੁਰਾਨਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਲਗਭਗ ਸੱਤ ਮਹੀਨੇ ਬਾਅਦ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੋਰਾਂਟੋ ਪੁਲਿਸ ਮੁਤਾਬਕ 32 ਸਾਲਾ ਅਬਦੁਲ ਗਫੂਰੀ, ਜੋ ਕਤਲ ਤੋਂ ਬਾਅਦ ਫਰਾਰ ਸੀ ਅਤੇ ਹਿਮਾਂਸ਼ੀ ਦਾ ਸਾਥੀ ਦੱਸਿਆ ਜਾ ਰਿਹਾ ਹੈ, ਨੂੰ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿਮਾਂਸ਼ੀ ਦੀ ਲਾਸ਼ 20 ਦਸੰਬਰ 2025 ਨੂੰ ਟੋਰਾਂਟੋ ਸਥਿਤ ਉਸਦੀ ਰਿਹਾਇਸ਼ ਤੋਂ ਬਰਾਮਦ ਹੋਈ ਸੀ। ਪੁਲਿਸ ਨੇ ਇਸ ਮਾਮਲੇ ਨੂੰ ਘਰੇਲੂ ਹਿੰਸਾ ਨਾਲ ਜੁੜਿਆ ਕਤਲ ਦੱਸਦਿਆਂ ਜਾਂਚ ਸ਼ੁਰੂ ਕੀਤੀ ਸੀ। ਜਾਣਕਾਰੀ ਮੁਤਾਬਕ 19 ਦਸੰਬਰ ਦੀ ਰਾਤ ਹਿਮਾਂਸ਼ੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਅਗਲੀ ਸਵੇਰ ਕਰੀਬ 6:30 ਵਜੇ ਇੱਕ ਘਰ ਵਿੱਚੋਂ ਉਸਦੀ ਲਾਸ਼ ਬਰਾਮਦ ਕੀਤੀ ਗਈ। ਜਾਂਚ ਦੌਰਾਨ ਅਬਦੁਲ ਗਫੂਰੀ ਕਤਲ ਦੇ ਦੋਸ਼ਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਉਸਦੀ ਭਾਲ ਕੀਤੀ ਜਾ ਰਹੀ ਸੀ। ਹੁਣ ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਦੀ ਮਦਦ ਨਾਲ ਉਸ ਨੂੰ ਗ੍ਰਿਫ਼ਤਾਰ ਕਰਕੇ ਪਹਿਲੀ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
