ਫਤਿਹਗੜ੍ਹ ਸਾਹਿਬ ‘ਚ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ 4 ਕਾਂਵੜੀਆਂ ਨੂੰ ਮਾਰੀ ਟੱਕਰ; 3 ਦੀ ਮੌਤ,1 ਗੰਭੀਰ ਜ਼ਖਮੀ 

ਨਿਊਜ਼ ਪੰਜਾਬ

9 ਅਗਸਤ,2026

ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸਰਹਿੰਦ-ਮੰਡੀ ਗੋਬਿੰਦਗੜ੍ਹ ਹਾਈਵੇਅ ‘ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤੇਜ਼ ਰਫ਼ਤਾਰ ਕਾਰ ਨੇ ਡਾਕ ਕਾਂਵੜ ਲੈ ਕੇ ਵਾਪਸ ਆ ਰਹੇ ਚਾਰ ਕਾਂਵੜੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕੋਟਕਪੂਰਾ ਵਾਸੀ ਜਗਦੀਸ਼ ਮਿੱਤਲ (40), ਮਹਿੰਦਰ ਪਾਲ (43) ਅਤੇ ਦੀਪਕ ਕੁਮਾਰ (42) ਵਜੋਂ ਹੋਈ ਹੈ, ਜਦਕਿ ਮੁਕੇਸ਼ ਗੋਇਲ ਗੰਭੀਰ ਜ਼ਖਮੀ ਹੈ।

ਦੱਸਿਆ ਜਾ ਰਿਹਾ ਹੈ ਕਿ ਚਾਰੇ ਕਾਂਵੜੀਏ ਗੰਗੋਤਰੀ ਤੋਂ ਗੰਗਾ ਜਲ ਦੀ ਡਾਕ ਕਾਂਵੜ ਲੈ ਕੇ ਕੋਟਕਪੂਰਾ ਵਾਪਸ ਪਰਤ ਰਹੇ ਸਨ। ਉਹ 30 ਜੁਲਾਈ ਨੂੰ ਦੋ ਵੱਖ-ਵੱਖ ਕਾਂਵੜ ਸੰਘਾਂ ਨਾਲ ਗੰਗੋਤਰੀ ਲਈ ਰਵਾਨਾ ਹੋਏ ਸਨ ਅਤੇ 10 ਅਗਸਤ ਨੂੰ ਕਾਂਵੜ ਲੈ ਕੇ ਕੋਟਕਪੂਰਾ ਪਹੁੰਚਣਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।