ਅਮਰੀਕਾ ‘ਚ ਗੈਰ-ਦਸਤਾਵੇਜ਼ੀ ਭਾਰਤੀਆਂ ‘ਤੇ ਟਰੰਪ ਦਾ ਵੱਡਾ ਐਕਸ਼ਨ, 18,000 ਡਿਪੋਰਟੇਸ਼ਨ ਦੇ ਨਿਸ਼ਾਨੇ ‘ਤੇ

ਨਿਊਜ਼ ਪੰਜਾਬ

19 ਜੁਲਾਈ,2026

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਖ਼ਿਲਾਫ਼ ਆਪਣੀ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਤੇਜ਼ ਕਰਦਿਆਂ ਵੱਡੀ ਡਿਪੋਰਟੇਸ਼ਨ ਮੁਹਿੰਮ ਦੀ ਤਿਆਰੀ ਕਰ ਲਈ ਹੈ। ਰਿਪੋਰਟਾਂ ਅਨੁਸਾਰ ਅਮਰੀਕਾ ਵਿੱਚ ਰਹਿ ਰਹੇ ਕਰੀਬ 18,000 ਗੈਰ-ਦਸਤਾਵੇਜ਼ੀ ਭਾਰਤੀ ਇਸ ਕਾਰਵਾਈ ਦੇ ਘੇਰੇ ਵਿੱਚ ਆ ਸਕਦੇ ਹਨ। ਇਸ ਵਾਰ ਵੀ ਟਰੰਪ ਪ੍ਰਸ਼ਾਸਨ ਡਿਪੋਰਟੇਸ਼ਨ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨੂੰ ਉਸਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੀ ਵੱਡੀ ਨਿਸ਼ਾਨੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਈ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਅਪੀਲ, ਪਟੀਸ਼ਨ ਜਾਂ ਵਕੀਲ ਦੀ ਸਹਾਇਤਾ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਇਮੀਗ੍ਰੇਸ਼ਨ ਕਸਟਮਜ਼ ਐਂਡ ਇਨਫੋਰਸਮੈਂਟ (ICE) ਦੀਆਂ ਟੀਮਾਂ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਡਿਪੋਰਟੇਸ਼ਨ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਟਰੰਪ ਪ੍ਰਸ਼ਾਸਨ ਨੇ ਟੈਕਸਾਸ ਦੇ ਐਲ ਪਾਸੋ ਅਤੇ ਕੈਲੀਫੋਰਨੀਆ ਵਿੱਚ ਤਿੰਨ ਵੱਡੇ ਵੇਅਰਹਾਊਸ ਖਰੀਦੇ ਹਨ, ਜਿਨ੍ਹਾਂ ਨੂੰ ਡਿਟੇਂਸ਼ਨ ਸੈਂਟਰਾਂ ਵਿੱਚ ਤਬਦੀਲ ਕਰਕੇ ICE ਦੇ ਹਵਾਲੇ ਕੀਤਾ ਗਿਆ ਹੈ। ਇਨ੍ਹਾਂ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇੱਥੇ ਇੱਕ ਸਮੇਂ ਵਿੱਚ ਕਰੀਬ 12,000 ਪ੍ਰਵਾਸੀਆਂ ਨੂੰ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਨਿਊਯਾਰਕ ਦੇ ਇਮੀਗ੍ਰੇਸ਼ਨ ਵਕੀਲ ਗ੍ਰੇਗ ਸਿਸਕਿੰਡ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਦੌਰਾਨ ਆਮ ਤੌਰ ‘ਤੇ ਹਰ ਪ੍ਰਵਾਸੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲਦਾ ਸੀ, ਪਰ ਹੁਣ ਕਈ ਮਾਮਲਿਆਂ ਵਿੱਚ ਲੋਕਾਂ ਨੂੰ ਸਿੱਧਾ ਡਿਟੇਂਸ਼ਨ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਅਮਰੀਕਾ ਦੀ ਸੰਘੀ ਪ੍ਰਣਾਲੀ ਵਿੱਚ ਹਰ ਰਾਜ ਦੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਾਨੂੰਨ ਵੱਖਰੇ ਹਨ, ਫਿਰ ਵੀ ICE ਕਿਸੇ ਵੀ ਰਾਜ ਵਿੱਚ ਜਾ ਕੇ ਕਾਰਵਾਈ ਕਰ ਰਿਹਾ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ 2025 ਵਿੱਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ, ਜਦਕਿ 2026 ਵਿੱਚ ਜੂਨ ਤੱਕ 1,076 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ। 5 ਫਰਵਰੀ 2025 ਨੂੰ 104 ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਕਈਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾਈਆਂ ਗਈਆਂ ਸਨ। ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਵੱਡਾ ਵਿਵਾਦ ਖੜ੍ਹਾ ਹੋਇਆ ਸੀ ਅਤੇ ਇਹ ਮਾਮਲਾ ਸੰਸਦ ਵਿੱਚ ਵੀ ਗੂੰਜਿਆ ਸੀ। ਟਰੰਪ ਪ੍ਰਸ਼ਾਸਨ ਦੀ ਇਹ ਨਵੀਂ ਮੁਹਿੰਮ ਇੱਕ ਵਾਰ ਫਿਰ ਅਮਰੀਕੀ ਇਮੀਗ੍ਰੇਸ਼ਨ ਨੀਤੀ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਰਚਾ ਦਾ ਕੇਂਦਰ ਬਣ ਗਈ ਹੈ।