ਨਿਊਜ਼ ਪੰਜਾਬ
19 ਜੁਲਾਈ 2026
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਸਲਾਲ ਡੈਮ ਦੇ ਫਲੱਡ ਗੇਟ ਨਿਯਮਤ ਸੰਚਾਲਨ ਪ੍ਰਕਿਰਿਆ ਤਹਿਤ ਖੋਲ੍ਹ ਦਿੱਤੇ ਗਏ ਹਨ। ਡੈਮ ਤੋਂ ਹਜ਼ਾਰਾਂ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਝਨਾਬ ਨਦੀ ਦਾ ਜਲ ਪੱਧਰ ਅਚਾਨਕ ਕਾਫ਼ੀ ਵੱਧ ਗਿਆ ਹੈ ਅਤੇ ਨਦੀ ਇਸ ਸਮੇਂ ਪੂਰੇ ਉਫਾਨ ਨਾਲ ਵਹਿ ਰਹੀ ਹੈ। ਵਧਦੇ ਪਾਣੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਨਦੀ ਦੇ ਕੰਢੇ ਵੱਸਦੇ ਅਤੇ ਨੀਵੇਂ ਇਲਾਕਿਆਂ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸਥਾਨਕ ਲੋਕਾਂ ਨੂੰ ਨਦੀ ਦੇ ਨੇੜੇ ਜਾਣ ਤੋਂ ਬਚਣ, ਬੱਚਿਆਂ ਨੂੰ ਪਾਣੀ ਵਾਲੇ ਖੇਤਰਾਂ ਤੋਂ ਦੂਰ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਡੈਮ ਦੇ ਫਲੱਡ ਗੇਟ ਕਿਸੇ ਐਮਰਜੈਂਸੀ ਸਥਿਤੀ ਕਾਰਨ ਨਹੀਂ, ਸਗੋਂ ਡੈਮ ਦੇ ਪਾਣੀ ਦੇ ਪੱਧਰ ਨੂੰ ਸੰਤੁਲਿਤ ਰੱਖਣ ਲਈ ਨਿਯਮਤ ਪ੍ਰਕਿਰਿਆ ਅਨੁਸਾਰ ਖੋਲ੍ਹੇ ਗਏ ਹਨ। ਫਿਰ ਵੀ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹਾਲਾਤਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸਿਰਫ਼ ਸਰਕਾਰੀ ਜਾਣਕਾਰੀ ‘ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
