ਨਿਊਜ਼ ਪੰਜਾਬ
ਮੁੰਬਈ, 6 ਜੂਨ – ਮਹਿੰਗਾਈ ਦਰ ਵਿਚ ਨਰਮੀ ਦਰਮਿਆਨ ਭਾਰਤੀ ਰਿਜ਼ਰਵ ਬੈਂਕ (RBI) ਨੇ ਸ਼ੁੱਕਰਵਾਰ ਨੂੰ ਘਰੇਲੂ ਅਰਥਚਾਰੇ ਨੂੰ ਰਫ਼ਤਾਰ ਦੇਣ ਦੇ ਇਰਾਦੇ ਨਾਲ ਪ੍ਰਮੁੱਖ ਨੀਤੀਗਤ ਵਿਆਜ ਦਰ ਰੈਪੋ ਨੂੰ 0.5 ਫੀਸਦੀ ਘਟਾ ਕੇ 5.5 ਫੀਸਦੀ ਕਰ ਦਿੱਤਾ ਹੈ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ MPC ਦੀ ਮੀਟਿੰਗ ਤੋਂ ਬਾਅਦ ਨੀਤੀਗਤ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। MPC ਮੈਂਬਰਾਂ ਨੇ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਦੇ ਹੱਕ ਵਿੱਚ ਵੋਟ ਦਿੱਤੀ ਹੈ। ਹੁਣ ਇਹ 6 ਪ੍ਰਤੀਸ਼ਤ ਤੋਂ ਘੱਟ ਕੇ 5.5% ਹੋ ਗਈ ਹੈ। ਸਾਲ 2025 ਵਿੱਚ ਲਗਾਤਾਰ ਤੀਜੀ MMC ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਬੈਂਕ ਦੇ ਇਸ ਫੈਸਲੇ ਨੇ ਤੁਹਾਡੇ ਕਰਜ਼ੇ ਦੀ EMI ਘਟਾਉਣ ਦਾ ਰਸਤਾ ਵੀ ਸਾਫ਼ ਕਰ ਦਿੱਤਾ ਹੈ, ਹਾਲਾਂਕਿ ਇਹ ਬੈਂਕਾਂ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕਰਨ ਤੋਂ ਬਾਅਦ ਹੀ ਸੰਭਵ ਹੋਵੇਗਾ।
ਆਰਬੀਆਈ ਗਵਰਨਰ ਸੰਜੈ ਮਲਹੋਤਰਾ ਨੇ ਮੁਦਰਾ ਨੀਤੀ ਦੀ ਸਮੀਖਿਆ ਲਈ ਦੋ ਮਹੀਨਿਆਂ ਵਿਚ ਇਕ ਵਾਰ ਹੋਣ ਵਾਲੀ ਮੀਟਿੰਗ ਉਪਰੰਤ ਕਿਹਾ, “ਮੁਦਰਾ ਨੀਤੀ ਕਮੇਟੀ (MPC) ਦੀ 6 ਮੈਂਬਰੀ ਕਮੇਟੀ ਨੇ ਰੈਪੋ ਦਰ ਵਿਚ 0.50 ਫੀਸਦ ਦੀ ਕਟੌਤੀ ਦਾ ਫੈਸਲਾ ਲਿਆ ਹੈ।” ਰੈਪੋ ਉਹ ਵਿਆਜ ਦਰ ਹੈ, ਜਿਸ ਉੱਤੇ ਵਾਪਰਕ ਬੈਂਕ ਆਪਣੀਆਂ ਤੱਤਕਾਲੀ ਲੋੜਾਂ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੇ ਹਨ। ਆਰਬੀਆਈ ਮਹਿੰਗਾਈ ਨੂੰ ਕਾਬੂ ਵਿਚ ਰੱਖਣ ਲਈ ਇਸ ਦਰ ਦੀ ਵਰਤੋਂ ਕਰਦਾ ਹੈ| ਰੈਪੋ ਦਰ ਵਿਚ ਕਟੌਤੀ ਦਾ ਮਤਲਬ ਹੈ ਕਿ ਮਕਾਨ ਸਮੇਤ ਵੱਖ ਵੱਖ ਕਰਜ਼ਿਆਂ ‘ਤੇ ਮਾਸਿਕ ਕਿਸ਼ਤ (EMI) ਵਿਚ ਕਮੀ ਆ ਸਕਦੀ ਹੈ।
