ਨਿਊਜ਼ ਪੰਜਾਬ
12 ਜੁਲਾਈ 2026
ਅੰਮ੍ਰਿਤਸਰ ਵਿੱਚ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੇ ਵਧਦੀ ਮਹਿੰਗਾਈ ਅਤੇ ਕਿਰਾਏ ਦੀਆਂ ਮੌਜੂਦਾ ਦਰਾਂ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸ਼ਹਿਰ ਦੇ ਹਜ਼ਾਰਾਂ ਯਾਤਰੀਆਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਟੇਟ ਆਟੋ ਯੂਨੀਅਨ ਅਤੇ ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਨੇ ਘੱਟੋ-ਘੱਟ ਕਿਰਾਇਆ 10 ਰੁਪਏ ਤੋਂ ਵਧਾ ਕੇ 20 ਰੁਪਏ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਪੁਰਾਣੇ ਕਿਰਾਏ ‘ਤੇ ਵਾਹਨ ਚਲਾਉਣਾ ਆਰਥਿਕ ਤੌਰ ‘ਤੇ ਸੰਭਵ ਨਹੀਂ ਰਿਹਾ।
ਯੂਨੀਅਨ ਦੇ ਪ੍ਰਧਾਨ ਤੀਰਥ ਸਿੰਘ ਕੋਹਲੀ ਨੇ ਦੱਸਿਆ ਕਿ ਇੰਧਨ, ਵਾਹਨਾਂ ਦੀ ਸੰਭਾਲ ਅਤੇ ਰੋਜ਼ਾਨਾ ਦੇ ਖਰਚੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਡਰਾਈਵਰਾਂ ਦੀ ਆਮਦਨ ਬਹੁਤ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ 20 ਰੁਪਏ ਤੋਂ ਘੱਟ ਕਿਰਾਏ ਲਈ ਡਰਾਈਵਰਾਂ ‘ਤੇ ਦਬਾਅ ਨਾ ਪਾਉਣ ਅਤੇ ਸਾਰੇ ਚਾਲਕਾਂ ਨੂੰ ਵੀ ਯੂਨੀਅਨ ਦੇ ਫੈਸਲੇ ਦੀ ਪਾਲਣਾ ਕਰਨ ਲਈ ਕਿਹਾ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਹੜਤਾਲ ਦੌਰਾਨ ਅਟਾਰੀ ਰੋਡ, ਅਜਨਾਲਾ ਰੋਡ, ਮਜੀਠਾ ਰੋਡ, ਚੱਬਲ ਰੋਡ ਸਮੇਤ ਕਈ ਪ੍ਰਮੁੱਖ ਰੂਟਾਂ ‘ਤੇ ਆਟੋ ਅਤੇ ਈ-ਰਿਕਸ਼ਾ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਡਰਾਈਵਰਾਂ ਨੇ ਇੰਡੀਆ ਗੇਟ ਤੋਂ ਪੰਚ ਪੀਰ ਪਾਰਕਿੰਗ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ, ਜੋ ਸ਼ਹਿਰ ਦੇ ਕਈ ਅਹਿਮ ਚੌਕਾਂ ਅਤੇ ਸੜਕਾਂ ਵਿੱਚੋਂ ਲੰਘਿਆ। ਯੂਨੀਅਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਆਪਣੀਆਂ ਮੰਗਾਂ ਜਲਦ ਮਨਜ਼ੂਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੰਨਿਆ ਕਿ ਹੜਤਾਲ ਨਾਲ ਆਮ ਲੋਕਾਂ ਨੂੰ ਅਸੁਵਿਧਾ ਹੋਵੇਗੀ, ਪਰ ਗਰੀਬ ਆਟੋ ਚਾਲਕਾਂ ਦੀ ਰੋਜ਼ੀ-ਰੋਟੀ ਅਤੇ ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਲੋਕਾਂ ਨੂੰ ਇਸ ਅੰਦੋਲਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ।
