ਅਨੰਤਨਾਗ ਵਿੱਚ ਕੁਦਰਤ ਦਾ ਕਹਿਰ: ਦੋ ਥਾਵਾਂ ‘ਤੇ ਬੱਦਲ ਫਟਣ ਨਾਲ ਅਚਾਨਕ ਹੜ੍ਹ, ਖੇਤ ਤੇ ਹੋਟਲਾ‘ਚ ਵੜਿਆ ਪਾਣੀ, ਬਿਜਲੀ ਸਪਲਾਈ ਬੰਦ

ਨਿਊਜ਼ ਪੰਜਾਬ

12 ਜੁਲਾਈ,2026

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਐਤਵਾਰ ਨੂੰ ਕੁਦਰਤ ਦਾ ਭਿਆਨਕ ਕਹਿਰ ਵੇਖਣ ਨੂੰ ਮਿਲਿਆ, ਜਿੱਥੇ ਸ਼ੰਗਾਸ ਅਤੇ ਪਹਿਲਗਾਮ ਖੇਤਰ ਵਿੱਚ ਦੋ ਵੱਖ-ਵੱਖ ਥਾਵਾਂ ‘ਤੇ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਏ। ਸ਼ੰਗਾਸ ਦੇ ਚਤਰਗੁਲ ਇਲਾਕੇ ਵਿੱਚ ਬੱਦਲ ਫਟਣ ਨਾਲ ਅਰੀਪਥ ਨਾਲੇ ਦਾ ਪਾਣੀ ਖਤਰਨਾਕ ਪੱਧਰ ਤੱਕ ਪਹੁੰਚ ਗਿਆ, ਜਿਸ ਕਾਰਨ ਝੋਨੇ ਦੇ ਖੇਤ, ਬਾਗਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਚਿੱਕੜ ਅਤੇ ਮਲਬਾ ਦਾਖਲ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਪਹਿਲਗਾਮ ਦੀ ਓਵੇਰਾ ਵਾਈਲਡਲਾਈਫ ਸੈਂਚੁਰੀ ਨੇੜੇ ਵੀ ਬੱਦਲ ਫਟਣ ਨਾਲ ਓਵੇਰਾ ਨਾਲੇ ਵਿੱਚ ਤੇਜ਼ ਹੜ੍ਹ ਆ ਗਿਆ, ਜਿਸ ਨਾਲ ਕਈ ਝੌਂਪੜੀਆਂ ਅਤੇ ਹੋਟਲ ਪਾਣੀ ਹੇਠ ਆ ਗਏ ਅਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਨਿਗਰਾਨੀ ਟੀਮਾਂ ਮੌਕੇ ‘ਤੇ ਭੇਜ ਦਿੱਤੀਆਂ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੁਝ ਪਿੰਡਾਂ ਦੀ ਬਿਜਲੀ ਸਪਲਾਈ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਪਰ ਫਸਲਾਂ ਅਤੇ ਸੰਪਤੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਅਤੇ ਮੌਸਮ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।