ਪੰਜਾਬ ਵਿੱਚ ਮਾਨਸੂਨ ਸਰਗਰਮ, 6 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ

ਨਿਊਜ਼ ਪੰਜਾਬ

8 ਜੁਲਾਈ,2026

ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ, ਜਿਸ ਕਾਰਨ ਮੌਸਮ ਵਿਭਾਗ ਨੇ ਸੂਬੇ ਦੇ ਛੇ ਜ਼ਿਲ੍ਹਿਆਂ—ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੁਹਾਲੀ)—ਵਿੱਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਮਾਹਰਾਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਮੂਸਲਾਧਾਰ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਪੰਜਾਬ ਵਿੱਚ ਵੀ ਬੱਦਲਵਾਈ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮਾਝਾ, ਦੋਆਬਾ ਅਤੇ ਮਾਲਵਾ ਦੇ ਕਈ ਇਲਾਕਿਆਂ ਵਿੱਚ ਟੁੱਟਵੀਂ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ, ਜਿਸ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ 9 ਜੁਲਾਈ ਨੂੰ ਵੀ ਇਨ੍ਹਾਂ ਛੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਬਰਕਰਾਰ ਰਹੇਗਾ, ਜਦਕਿ 10 ਜੁਲਾਈ ਨੂੰ ਕੋਈ ਵਿਸ਼ੇਸ਼ ਅਲਰਟ ਨਹੀਂ ਹੈ ਅਤੇ ਦੱਖਣ-ਪੱਛਮੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿ ਸਕਦਾ ਹੈ। ਹਾਲਾਂਕਿ 11 ਜੁਲਾਈ ਨੂੰ ਮਾਨਸੂਨ ਮੁੜ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਉਕਤ ਜ਼ਿਲ੍ਹਿਆਂ ਵਿੱਚ ਇੱਕ ਵਾਰ ਫਿਰ ਭਾਰੀ ਮੀਂਹ ਪੈ ਸਕਦਾ ਹੈ।

ਬੀਤੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਫਰੀਦਕੋਟ 42.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਨੇ ਲੋਕਾਂ ਨੂੰ ਭਾਰੀ ਮੀਂਹ ਦੌਰਾਨ ਲੋੜ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ, ਨੀਵੇਂ ਇਲਾਕਿਆਂ ਅਤੇ ਪਾਣੀ ਭਰਨ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਮੌਸਮ ਨਾਲ ਸਬੰਧਤ ਤਾਜ਼ਾ ਅਪਡੇਟਾਂ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ।