‘ਮੇਰਾ ਪਿੰਡ ਮੇਰੀ ਜ਼ਿੰਮੇਂਵਾਰੀ’ ਵੀ ਕੋਵਿਡ ਜਾਗਰੂਕਤਾ ਲਈ ਅਹਿਮ ਕੜੀ
ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ਵਾਲੰਟੀਅਰਾਂ ਨੂੰ ਮਿਸ਼ਨ ਫ਼ਤਿਹ ਦੇ ਬੈਜ ਲਾਏ ਤੇ ਪ੍ਰਸ਼ੰਸਾ ਪੱਤਰਾਂ ਦੀ ਵੰਡ
ਨਿਊਜ਼ ਪੰਜਾਬ
ਨਵਾਂਸ਼ਹਿਰ, 20 ਜੂਨ- ਮਿਸ਼ਨ ਫ਼ਤਿਹ ਤਹਿਤ ਪੰਜਾਬ ਅਤੇ ਜ਼ਿਲ੍ਹੇ ਨੂੰ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪੁਲਿਸ ਹੈਡ ਕੁਆਰਟਰ ਵਿਖੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਕੋਵਿਡ-19 ਦੌਰਾਨ ਜ਼ਿਲ੍ਹਾ ਪੁਲਿਸ ਨਾਲ ਨਾਕਿਆਂ ’ਤੇ ਡਿਊਟੀ ਦੇਣ ਵਾਲੇ ਵਾਲੰਟੀਅਰਜ਼ ਨੂੰ ਮਿਸ਼ਨ ਫ਼ਤਿਹ ਦੇ ਬੈਜ ਲਵਾਏ ਗਏ ਅਤੇ ਪੁਲਿਸ ਨਾਲ ਕੀਤੇ ਸਹਿਯੋਗ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਇਸ ਮੌਕੇ ਆਖਿਆ ਕਿ ਨੌਜੁਆਨ ਸ਼ਕਤੀ ਨੂੰ ਦਿਸ਼ਾ ਅਤੇ ਸੇਧ ਦੀ ਲੋੜ ਹੁੰਦੀ ਹੈ, ਜੇਕਰ ਅਸੀਂ ਮੌਕਾ ਰਹਿੰਦੇ ਉਨ੍ਹਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾ ਲੈਂਦੇ ਹਾਂ ਤਾਂ ਉਹ ਸਮਾਜ ਉਸਾਰੀ ’ਚ ਯੋਗਦਾਨ ਪਾਉਣ ਦੇ ਨਾਲ-ਨਾਲ ਆਪਣੀ ਖੁਦ ਦੀ ਸਖਸ਼ੀਅਤ ਨੂੰ ਵੀ ਨਿਖਾਰ ਲੈਂਦੇ ਹਨ। ਉਨ੍ਹਾਂ ਨੇ ਨਾਕਿਆਂ ਅਤੇ ਮੰਡੀਆਂ ’ਚ ਡਿੳੂਟੀਆਂ ਕਰਨ ਵਾਲੇ ਇਨ੍ਹਾਂ ਵਾਲੰਟੀਅਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਖੁਦ ਇਨ੍ਹਾਂ ਵਾਲੰਟੀਅਰਾਂ ਦੇ ਥਾਣਾ ਵਾਰ ਬਣਾਏ ਵਟਸਐਪ ਗਰੁੱਪਾਂ ’ਚ ਮੈਂਬਰ ਹਨ ਅਤੇ ਇਨ੍ਹਾਂ ਵੱਲੋਂ ਦਿੱਤੇ ਜਾਂਦੇ ਫੀਡਬੈਕ ਪੁਲਿਸ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਉਨ੍ਹਾਂ ਇਸ ਮੌਕੇ ਇਨ੍ਹਾਂ ਨੌਜੁਆਨਾਂ ਲਈ ਤਾੜੀਆਂ ਦੀ ਗੂੰਜ ’ਚ ਸ਼ਾਬਾਸ਼ ਵੀ ਦਿੱਤੀ।
ਉਨ੍ਹਾਂ ਨੇ ਇਨ੍ਹਾਂ ਨੌਜੁਆਨਾਂ ਨੂੰ ਅਪੀਲ ਕੀਤੀ ਕਿ ‘ਅਨੁਸ਼ਾਸਨੀ ਫ਼ੋਰਸ’ ਨਾਲ ਕੀਤੇ ਕੰਮ ਬਾਅਦ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਵੀ ਅਨੁਸ਼ਾਸਨ ਦੇ ਰਾਹ ’ਤੇ ਤੋਰਨ ’ਚ ਮੱਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਨੌਜੁਆਨ ਜ਼ਿਲ੍ਹੇ ’ਚ ‘ਮੇਰਾ ਪਿੰਡ ਮੇਰੀ ਜ਼ਿੰਮੇਂਵਾਰੀ’ ਤਹਿਤ ਬਣੀਆਂ ‘ਵਿਲੇਜ ਮਿਸ਼ਨ ਫ਼ਤਿਹ ਟੀਮਾਂ’ ਦਾ ਹਿੱਸਾ ਬਣ ਕੇ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਐਸ ਐਸ ਪੀ ਨੇ ਨੌਜੁਆਨਾਂ ਪਾਸੋਂ ਕੋਵਿਡ ਦੀ ਰੋਕਥਾਮ ਲਈ ਮੂੰਹ ’ਤੇ ਮਾਸਕ, ਹੱਥ ਧੋਣ, ਸਮਾਜਿਕ ਦੂਰੀ ਦੇ ਸਿਧਾਂਤਾਂ ’ਤੇ ਲੋਕਾਂ ਪਾਸੋਂ ਅਮਲ ਕਰਵਾਉਣ ਅਤੇ ਪਿੰਡ ’ਚ ਬਾਹਰੋਂ ਆਏ ਕਿਸੇ ਵੀ ਵਿਅਕਤੀ ਬਾਰੇ ਦੱਸਣ ਦਾ ਅਹਿਦ ਵੀ ਲਿਆ। ਉਨ੍ਹਾਂ ਦੱਸਿਆ ਕਿ ਹਰੇਕ ਥਾਣੇ ਦਾ ਐਸ ਐਚ ਓ ਆਪਣੇ ਖੇਤਰ ਅਧੀਨ ਬਣਾਈਆਂ ਗਈਆਂ ਹਰੇਕ ਪਿੰਡ ਦੀਆਂ ਟੀਮਾਂ ’ਚ ਮੈਂਬਰ ਰੱਖਿਆ ਗਿਆ ਹੈ।
ਡੀ ਐਸ ਪੀ ਦੀਪਿਕਿਾ ਸਿੰਘ ਨੇ ਸਮੂਹ ਵਾਲੰਟੀਅਰਾਂ ਨੂੰ ਆਪੋ-ਆਪਣੇ ਮੋਬਾਇਲ ’ਤੇ ਕੋਵਾ ਐਪ ਡਾਊਨ ਲੋਡ ਕਰਕੇ ‘ਜੁਆਇਨ ਮਿਸ਼ਨ ਫ਼ਤਿਹ’ ਰਾਹੀਂ ‘ਮਿਸ਼ਨ ਯੋਧੇ’ ਮੁਕਾਬਲੇ ’ਚ ਭਾਗ ਲੈਣ ਲਈ ਪ੍ਰੇਰਿਆ।
ਇਸ ਮੌਕੇ ਐਸ.ਪੀ. (ਐਚ) ਮਨਵਿੰਦਰਵੀਰ ਸਿੰਘ, ਐਸ ਪੀ (ਪੀ ਬੀ ਆਈ) ਬਲਵਿੰਦਰ ਸਿੰਘ ਰੰਧਾਵਾ, ਡੀ ਐਸ ਪੀ (ਡੀ) ਹਰਜੀਤ ਸਿੰਘ ਅਤੇ ਡੀ.ਐਸ.ਪੀ.(ਐਚ) ਨਵਨੀਤ ਕੌਰ ਗਿੱਲ ਮੌਜੂਦ ਸਨ।