ਸੰਗਰੂਰ ਦੀ ਰਸ਼ਦੀਪ ਕੌਰ ਕਾਮਨਵੈਲਥ ਖੇਡਾਂ 2026 ਲਈ ਚੁਣੀ ਗਈ, 4×400 ਮੀਟਰ ਰਿਲੇਅ ਵਿੱਚ ਕਰੇਗੀ ਭਾਰਤ ਦੀ ਨੁਮਾਇੰਦਗੀ

ਨਿਊਜ਼ ਪੰਜਾਬ

17 ਜੂਨ,2026

ਸੰਗਰੂਰ ਦੇ ਪਿੰਡ ਗੰਢੂਆਂ ਦੀ ਹੋਣਹਾਰ ਅਥਲੀਟ ਰਸ਼ਦੀਪ ਕੌਰ ਨੇ ਕਾਮਨਵੈਲਥ ਖੇਡਾਂ 2026 ਲਈ ਕੁਆਲੀਫਾਈ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਉਹ 4×400 ਮੀਟਰ ਰਿਲੇਅ ਈਵੈਂਟ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ।

ਰਸ਼ਦੀਪ ਕੌਰ ਦੀ ਦੋ ਛੋਟੀਆਂ ਭੈਣਾਂ ਸੁਖਵੀਰ ਅਤੇ ਰਣਜੀਤ ਕੌਰ ਵੀ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਹਨ। ਰਸ਼ਦੀਪ ਕੌਰ ਨੂੰ ਮੁਕਾਬਲੇ ਵਿੱਚ ਭੇਜਣ ਲਈ ਉਸਦੀ ਮਾਂ ਨੇ ਸੋਨੇ ਦੀ ਚੇਨ ਵੇਚੀ ਸੀ। ਲੋਕਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਰਸ਼ਦੀਪ ਕੌਰ ਦੇ ਪਿਤਾ ਗੁਰਲਾਲ ਸਿੰਘ ਨੇ ਧੀਆਂ ਨੂੰ ਖੇਡ ਮੈਦਾਨ ਵਿੱਚ ਉਤਾਰਿਆ ਅਤੇ ਅੱਜ ਉਨ੍ਹਾਂ ਲਈ ਇਹ ਪਲ ਵੱਡੀ ਸਫਲਤਾ ਅਤੇ ਬੇਹੱਦ ਮਾਣ ਵਾਲਾ ਹੈ।

 

ਜਲੰਧਰ ਦੇ ਐਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਨੇ ਰਸ਼ਦੀਪ ਕੌਰ ਨੂੰ 10 ਸਾਲ ਤੱਕ ਮੁਫ਼ਤ ਸਿਖਲਾਈ ਅਤੇ ਆਰਥਿਕ ਮਦਦ ਦਿੱਤੀ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (AFI) ਵੱਲੋਂ 14 ਜੂਨ 2026 ਨੂੰ ਭਾਰਤੀ ਐਥਲੈਟਿਕਸ ਟੀਮ ਦੇ 32 ਮੈਂਬਰਾਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਰਸ਼ਦੀਪ ਕੌਰ ਦਾ ਨਾਂ ਸ਼ਾਮਲ ਹੈ। ਕਾਮਨਵੈਲਥ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ 23 ਜੁਲਾਈ ਤੋਂ 2 ਅਗਸਤ 2026 ਤੱਕ ਹੋਣਗੀਆਂ।