ਮੁੱਖ ਮੰਤਰੀ ਵਲੋਂ ਸ਼ਹੀਦ ਹੋਏ ਚਾਰ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰੀ ਨੌਕਰੀਆਂ ਅਤੇ ਆਰਥਿੱਕ ਮੱਦਦ ਕਰਨ ਦਾ ਕੀਤਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗਲਵਾਨ ਵਾਦੀ ਵਿੱਚ ਹੋਈ ਝੜਪ ‘ਚ ਸ਼ਹੀਦ ਹੋਏ ਚਾਰ ਪੰਜਾਬੀ ਫੌਜੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ

ਨਿਊਜ਼ ਪੰਜਾਬ

ਚੰਡੀਗੜ੍ਹ, 17 ਜੂਨ – ਗਲਵਾਨ ਵਾਦੀ ਵਿੱਚ ਹੋਏ ਟਕਰਾਅ ‘ਚ ਸ਼ਹੀਦ ਹੋਏ ਚਾਰ ਪੰਜਾਬੀ ਸੈਨਿਕਾਂ ਦੇ ਪਰਿਵਾਰਾਂ ਨਾਲ ਦਿਲੀ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਹੀਦਾਂ ਦੇ ਅਗਲੇ ਵਾਰਸ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਲਦਾਖ ਦੀ ਗਲਵਾਨ ਵਾਦੀ ਵਿੱਚ ਵਾਪਰੇ ਹਿੰਸਕ ਟਕਰਾਅ ‘ਤੇ ਦੁੱਖ ਜ਼ਾਹਰ ਕੀਤਾ ਜਿਸ ਵਿੱਚ ਇਨ੍ਹਾਂ ਚਾਰ ਬਹਾਦਰ ਸੈਨਿਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਮੁਲਕ ਦੀ ਰਾਖੀ ਖਾਤਰ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਚੀਨ ਨਾਲ ਅਸਲ ਕੰਟਰੋਲ ਰੇਖਾ ਨੇੜੇ ਵਾਪਰੀਆਂ ਹਿੰਸਕ ਝੜਪਾਂ ਵਿੱਚ ਜਾਨਾਂ ਗੁਆਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੇ ਪਰਿਵਾਰਾਂ ਨੂੰ ਹੋਏ ਨੁਕਸਾਨ ਦੀ ਥਾਹ ਨਹੀਂ ਪਾਈ ਜਾ ਸਕਦੀ ਅਤੇ ਨਾ ਹੀ ਭੌਤਿਕ ਚੀਜ਼ਾਂ ਨਾਲ ਇਸ ਦੀ ਭਰਪਾਈ ਕੀਤੀ ਜਾ ਸਕਦੀ ਪਰ ਮੁਆਵਜ਼ਾ ਅਤੇ ਨੌਕਰੀਆਂ ਉਨ੍ਹਾਂ ਦੀਆਂ ਕੁਝ ਦੁੱਖ ਤਕਲੀਫਾਂ ਘਟਾਉਣ ਵਿੱਚ ਸਹਾਈ ਹੋਣਗੀਆਂ।
  ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਕੀਤਾ ਜਾਵੇਗਾ ਅਤੇ ਇਸ ਮੌਕੇ ਕੈਬਨਿਟ ਮੰਤਰੀ ਸੂਬਾ ਸਰਕਾਰ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਨੇ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਵੀ ਸ਼ਹੀਦ ਸੈਨਿਕਾਂ ਦੀਆਂ ਦੇਹਾਂ ਪੂਰਨ ਸਤਿਕਾਰ ਨਾਲ ਪ੍ਰਾਪਤ ਕਰਨ ਲਈ ਸਾਰੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ।
                                                                     ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚਾਰਾਂ ਸ਼ਹੀਦਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਨਾਇਬ ਸੂਬੇਦਾਰ ਮਨਦੀਪ ਸਿੰਘ ਅਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਵਿਆਹੇ ਹੋਣ ਕਰਕੇ ਸਰਕਾਰ ਦੀ ਨੀਤੀ ਮੁਤਾਬਕ 12-12 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮਨਦੀਪ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਵਾਸੀ ਸੀ ਜਦਕਿ ਸਤਨਾਮ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਨਾਲ ਸਬੰਧਤ ਸੀ।
                                                                    ਇਸੇ ਤਰ੍ਹਾਂ ਦੋ ਅਣਵਿਆਹੇ ਸ਼ਹੀਦਾਂ ਵਿੱਚ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬੀਰੇ ਵਾਲਾ ਡੋਗਰਾ ਦੇ ਸਿਪਾਹੀ ਗੁਰਜੇਤ ਸਿੰਘ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਦੇ ਸਿਪਾਹੀ ਗੁਰਬਿੰਦਰ ਸਿੰਘ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ (ਐਕਸਗ੍ਰੇਸ਼ੀਆ ਵਜੋਂ 5 ਲੱਖ ਰੁਪਏ ਅਤੇ ਜ਼ਮੀਨ ਦੇ ਇਵਜ਼ ਵਿੱਚ 5 ਲੱਖ ਰੁਪਏ) ਦਿੱਤੇ ਜਾਣਗੇ। ਸਿਪਾਹੀ ਗੁਰਬਿੰਦਰ ਸਿੰਘ 3 ਪੰਜਾਬ ਰੈਜੀਮੈਂਟ ਨਾਲ ਸਬੰਧਤ ਸਨ।
———