ਲੌਂਗੋਵਾਲ ਨੇੜੇ ਸਕੂਲ ਵੈਨ ਨੂੰ ਅੱਗ ਲੱਗਣ ਨਾਲ ਚਾਰ ਬੱਚਿਆਂ ਦੀ ਮੌਤ – ਅੱਠ ਹੋਰ ਬੱਚੇ ਝੁਲਸੇ- ਡਰਾਈਵਰ ਅਤੇ ਪ੍ਰਿੰਸੀਪਲ ਗ੍ਰਿਫ਼ਤਾਰ
ਵੈਨ ਦਾ ਡਰਾਈਵਰ ਅਤੇ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
ਸ਼੍ਰੋਮਣੀ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਸੰਗਰੂਰ, 15 ਫਰਵਰੀ -(news punjab) ਸਥਾਨਕ ਕਸਬਾ ਸਿੱਧ ਰੋਡ ਲੌਂਗੋਵਾਲ ਵਿਖੇ ਅੱਜ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਚਾਰ ਬੱਚੇ ਜਿੰਦਾ ਝੁਲਸ ਗਏ, ਜਦਕਿ ਵੈਨ ਚਾਲਕ ਅਤੇ 8 ਬੱਚੇ ਜ਼ਖ਼ਮੀ ਹੋਏ ਹਨ। ਸਾਰਿਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਜਿੱਥੇ ਕਿ ਵੈਨ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਵੈਨ, ਜਿਸ ‘ਚ 12 ਬੱਚੇ ਸਵਾਰ ਸਨ, ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਇਸ ‘ਚ ਅਚਾਨਕ ਅੱਗ ਲੱਗ ਗਈ। ਘਟਨਾ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਕਿਸਾਨ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ 8 ਬੱਚਿਆਂ ਤੇ ਵੈਨ ਚਾਲਕ ਨੂੰ ਵੈਨ ‘ਚੋਂ ਬਾਹਰ ਕੱਢਿਆ, ਜਦਕਿ ਚਾਰ ਬੱਚਿਆਂ ਨੇ ਜਿੰਦਾ ਝੁਲਸਣ ਕਾਰਨ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮੁੱਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਬੱਚਿਆਂ ਦੀ ਪਹਿਚਾਣ ਆਰਾਧਿਆ ਪੁੱਤਰੀ ਸਤਪਾਲ, ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ ਅਤੇ ਸਿਮਰਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਦੇ ਰੂਪ ‘ਚ ਹੋਈ ਹੈ। ਇਹ ਸਾਰੇ ਬੱਚੇ ਨਰਸਰੀ ਜਮਾਤ ਨਾਲ ਸੰਬੰਧਿਤ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਲੌਂਗੋਵਾਲ ‘ਚ ਵਾਪਰੇ ਸਕੂਲ ਵੈਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਇਸ ਸੰਬੰਧੀ ਟਵੀਟ ਕੀਤਾ ਅਤੇ ਲਿਖਿਆ, ”ਸੰਗਰੂਰ ਵਿਖੇ ਚਾਰ ਬੱਚਿਆਂ ਦੀ ਸਕੂਲ ਵੈਨ ਅੱਗ ਦਾ ਸ਼ਿਕਾਰ ਹੋ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਡੇ ਸਾਰਿਆਂ ਲਈ ਅਸਹਿ ਹੈ। ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਡੀ. ਸੀ. ਸੰਗਰੂਰ ਤੇ ਐੱਸ. ਐੱਸ. ਪੀ. ਸੰਗਰੂਰ ਮੌਕੇ ‘ਤੇ ਮੌਜੂਦ ਹਨ ਤੇ ਉਨ੍ਹਾਂ ਨੂੰ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਜੋ ਵੀ ਇਸ ਪਿੱਛੇ ਜ਼ਿੰਮੇਵਾਰ ਹੈ ਉਹ ਬਖ਼ਸ਼ਿਆ ਨਹੀਂ ਜਾਵੇਗਾ।” ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਗਰੂਰ ਦੇ ਲੌਂਗੋਵਾਲ ‘ਚ ਵਾਪਰੇ ਸਕੂਲ ਵੈਨ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਉਨ੍ਹਾਂ ਫੇਸਬੁਕ ‘ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਿਖੇ ਬੱਚਿਆਂ ਨਾਲ ਭਰੀ ਇੱਕ ਸਕੂਲ ਵੈਨ ਦੇ ਅੱਗ ਨਾਲ ਝੁਲਸ ਜਾਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਿਆ ਹੈ। ਇਸ ਦਰਦਨਾਕ ਹਾਦਸੇ ‘ਚ ਜਾਨਾਂ ਗੁਆਉਣ ਵਾਲੇ ਚਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਉਹ ਇਸ ਦੁੱਖ ਦੀ ਘੜੀ ‘ਚ ਦਿਲੋਂ ਸ਼ਰੀਕ ਹਨ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਖ਼ੌਫ਼ਨਾਕ ਘਟਨਾ ਦੀ ਨਿਰਪੱਖ ਅਤੇ ਸਮਾਂ-ਬੱਧ ਜਾਂਚ ਕੀਤੀ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀਆਂ ਹਰ ਪੱਧਰ ‘ਤੇ ਜ਼ਿੰਮੇਵਾਰੀਆਂ ਨਿਸ਼ਚਤ ਕੀਤੀਆਂ ਜਾਣ। ਉੱਥੇ ਹੀ ਬੀਬਾ ਬਾਦਲ ਨੇ ਕਿਹਾ ਕਿ ਲੌਂਗੋਵਾਲ ਵਿਖੇ ਸਕੂਲ ਵੈਨ ਨੂੰ ਅੱਗ ਲੱਗਣ ਨਾਲ ਹੋਈ ਚਾਰ ਬੱਚਿਆਂ ਦੀ ਬੇਵਕਤੀ ਮੌਤ ਨਾਲ ਬਹੁਤ ਧੱਕਾ ਲੱਗਿਆ ਹੈ। ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਉਹ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਨ। ਲੌਂਗੋਵਾਲ ਵਿਖੇ ਸਕੂਲ ਵੈਨ ਵਿਚ ਚਾਰ ਮਾਸੂਮ ਬੱਚਿਆਂ ਦੇ ਜ਼ਿੰਦਾ ਜਲ ਜਾਣ ਉੱਪਰ ਸੁਖਪਾਲ ਸਿੰਘ ਖਹਿਰਾ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਸਰਕਾਰੀ ਸ਼ਹਿ ਪ੍ਰਾਪਤ ਕਤਲ ਐਲਾਨ ਦਿੱਤਾ । ਕਿਉਂਕਿ ਸਰਕਾਰ ਨੇ ਇਸ ਤੋਂ ਪਹਿਲਾਂ ਹੋਏ ਮੁਹਾਵਾ(ਅਟਾਰੀ) ਹਾਦਸੇ ਜਾਂ ਨਕੋਦਰ ਹਾਦਸੇ ਵਰਗੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਿਨ੍ਹਾਂ ਵਿਚ ਕਿ ਸਕੂਲੀ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਸਰਕਾਰ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਅਨੇਕਾਂ ਬੇਕਸੂਰ ਜਾਨਾਂ ਗਈਆਂ ਸਨ। ਖਹਿਰਾ ਨੇ ਮੰਗ ਕੀਤੀ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪੁਲਿਸ ਨੇ ਕੇਸ ਦਰਜ ਕਰ ਕੇ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਅਤੇ ਵੈਨ ਦੇ ਡਰਾਈਵਰ ਦਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ |
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੂੰ ਇੱਕ – ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ