40 ਕਰੋੜ ਦੀ ਬੈਂਕ ਧੋਖਾਧੜੀ ਮਾਮਲੇ ‘ਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸਮੇਤ 4 ਨੂੰ ਜ਼ਮਾਨਤ

ਨਿਊਜ਼ ਪੰਜਾਬ

23 ਅਪ੍ਰੈਲ 2026

ਬੈਂਕ ਨਾਲ ਲਗਭਗ 40 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸਮੇਤ ਚਾਰ ਮੁਲਜ਼ਮਾਂ ਨੂੰ ਸੀਬੀਆਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਅਦਾਲਤ ਨੇ ਜ਼ਮਾਨਤ ਦਿੰਦਿਆਂ ਕੁਝ ਸ਼ਰਤਾਂ ਵੀ ਲਾਗੂ ਕੀਤੀਆਂ ਹਨ, ਜਿਨ੍ਹਾਂ ਅਨੁਸਾਰ ਮੁਲਜ਼ਮਾਂ ਨੂੰ ਜਦੋਂ ਵੀ ਅਦਾਲਤ ਬੁਲਾਏਗੀ, ਹਾਜ਼ਰ ਹੋਣਾ ਲਾਜ਼ਮੀ ਹੋਵੇਗਾ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਅਦਾਲਤੀ ਇਜਾਜ਼ਤ ਲੈਣੀ ਪਵੇਗੀ।

ਇਹ ਮਾਮਲਾ ਬੈਂਕ ਆਫ ਇੰਡੀਆ ਦੇ ਡਿਪਟੀ ਜੋਨਲ ਮੈਨੇਜਰ ਪ੍ਰਮੋਦ ਚੰਦ ਸ਼ਰਮਾ ਵੱਲੋਂ 1 ਦਸੰਬਰ 2020 ਨੂੰ ਦਿੱਤੀ ਗਈ ਸ਼ਿਕਾਇਤ ਤੋਂ ਸ਼ੁਰੂ ਹੋਇਆ ਸੀ। ਸ਼ਿਕਾਇਤ ਵਿੱਚ ਮੈਸਰਸ ਤਾਰਾ ਕਾਰਪੋਰੇਸ਼ਨ ਲਿਮਟਿਡ ਨੂੰ ਦਿੱਤੀਆਂ ਕੈਸ਼ ਕ੍ਰੈਡਿਟ ਸਹੂਲਤਾਂ ਦੇ ਗਲਤ ਇਸਤੇਮਾਲ ਦੇ ਦੋਸ਼ ਲਗਾਏ ਗਏ ਸਨ, ਜਿਸ ਨਾਲ ਬੈਂਕ ਨੂੰ ਕਰੀਬ 40 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੰਬੰਧਤ ਕੰਪਨੀ 2010 ਵਿੱਚ ਸਥਾਪਿਤ ਇੱਕ ਪਬਲਿਕ ਲਿਮਟਿਡ ਫਰਮ ਸੀ, ਜੋ ਖੇਤੀਬਾੜੀ ਉਤਪਾਦਾਂ ਦੇ ਵਪਾਰ ਨਾਲ ਜੁੜੀ ਹੋਈ ਸੀ। ਕੰਪਨੀ ਨੇ ਸਟਾਕ ਅਤੇ ਸਕਿਓਰਿਟੀ ਗਿਰਵੀ ਰੱਖ ਕੇ ਕ੍ਰੈਡਿਟ ਲਿਆ, ਪਰ ਬਾਅਦ ਵਿੱਚ ਡਿਫਾਲਟ ਕਰ ਗਈ। ਪੁਲਿਸ ਵੱਲੋਂ ਪਹਿਲਾਂ FIR ਦਰਜ ਕਰਕੇ ਜਾਂਚ ਕੀਤੀ ਗਈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ।ਅਦਾਲਤ ਨੇ ਸੀਬੀਆਈ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਮਗਰੋਂ ਚਾਰਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਸ਼ਰਤਾਂ ਸਹਿਤ ਰਿਹਾਅ ਕਰਨ ਦੇ ਹੁਕਮ ਦਿੱਤੇ।