ਨਿਊਜ਼ ਪੰਜਾਬ
6 ਅਪ੍ਰੈਲ 2026
ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ 15 ਮਈ ਤੋਂ ਉਡਾਣਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਨਵੀਂ ਰਫ਼ਤਾਰ ਮਿਲੇਗੀ। Air India ਵੱਲੋਂ ਉਡਾਣਾਂ ਦੇ ਸਮੇਂ ਵਿੱਚ ਮਹੱਤਵਪੂਰਨ ਸੋਧ ਕੀਤੀ ਗਈ ਹੈ, ਜਿਸ ਮੁਤਾਬਕ ਦਿੱਲੀ ਤੋਂ ਸਵੇਰੇ 8:35 ਵਜੇ ਰਵਾਨਗੀ ਹੋਵੇਗੀ।
ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਲੁਧਿਆਣਾ ਨਿਵਾਸੀਆਂ ਦੀ ਮੰਗ ‘ਤੇ ਦਿੱਲੀ ਤੇ ਹਲਵਾਰਾ ਵਿਚਾਲੇ ਫਲਾਈਟ ਦੇ ਸਮੇਂ ਵਿਚ ਸੋਧ ਕੀਤੀ ਗਈ ਹੈ, ਜਿਸ ਮੁਤਾਬਕ ਫਲਾਈਟ ਦਿੱਲੀ ਤੋਂ ਸਵੇਰੇ 8.35 ਰਵਾਨਾ ਹੋਵੇਗੀ ਤੇ ਸਵੇਰੇ 09.45 ‘ਤੇ ਹਲਵਾਰਾ ਪਹੁੰਚੇਗੀ। ਦੂਜੀ ਫਲਾਈਟ ਦੀ ਰਵਾਨਾਗੀ ਦਾ ਸਮਾਂ ਦੁਪਹਿਰ 12.55 ਵਜੇ ਰਹੇਗਾ ਤੇ ਪਹੁੰਚਣ ਦਾ ਸਮਾਂ ਦੁਪਹਿਰ 2.10 ‘ਤੇ ਹੋਵੇਗਾ। ਉਥੇ ਹੀ ਹਲਵਾਰਾ ਤੋਂ ਫਲਾਈਟਾਂ ਦੀ ਰਵਾਨਗੀ ਦਾ ਸਮਾਂ ਸਵੇਰੇ 10.25 ਤੇ ਦੁਪਹਿਰ 2.40 ਵਜੇ ਹੋਵੇਗਾ ਜੋਕਿ ਲੜੀਵਾਰ ਸਵੇਰੇ 11.40 ਵਜੇ ਤੇ ਦੁਪਹਿਰ 3.55 ਵਜੇ ਰਹੇਗਾ।
ਰਵਨੀਤ ਬਿੱਟੂ ਨੇ ਪੰਜਾਬੀਆਂ ਤੇ ਲੁਧਿਆਣਾ ਵਾਸੀਆਂ ਨੂੰ ਇਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਸੋਧਿਆ ਹੋਇਆ ਸਮਾਂ ਨਾਲ ਸੁਚਾਰੂ ਯਾਤਰਾ, ਵਾਧੂ ਆਰਾਮ ਅਤੇ ਮਜ਼ਬੂਤ ਖੇਤਰੀ ਸੰਪਰਕ ਨੂੰ ਯਕੀਨੀ ਬਣਾਉਣਗੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਏਅਰ ਇੰਡੀਆ ਨੇ ਉੱਦਮੀਆਂ ਦੀਆਂ ਮੰਗਾਂ ਦੇ ਜਵਾਬ ਵਿੱਚ ਉਡਾਣ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਾਰੋਬਾਰੀਆਂ ਲਈ ਸਵੇਰੇ 5:55 ਵਜੇ ਦਿੱਲੀ ਤੋਂ ਉਡਾਣ ਫੜਨਾ ਮੁਸ਼ਕਲ ਸੀ ਅਤੇ ਸਵੇਰੇ 7 ਵਜੇ ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਰਿਸੀਵ ਕਰਨਾ ਹੋਰ ਵੀ ਮੁਸ਼ਕਲ ਸੀ। ਇਸ ਤੋਂ ਇਲਾਵਾ, ਵਿਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਵਿਚਕਾਰ ਸਮੇਂ ਦਾ ਕਾਫ਼ੀ ਅੰਤਰ ਸੀ। ਬਿੱਟੂ ਨੇ ਕਿਹਾ ਕਿ ਉਨ੍ਹਾਂ ਉੱਦਮੀਆਂ ਦੀਆਂ ਮੰਗਾਂ ਸਿਵਲ ਏਵੀਏਸ਼ਨ ਮੰਤਰੀ ਨੂੰ ਪੇਸ਼ ਕੀਤੀਆਂ ਸਨ, ਜਿਨ੍ਹਾਂ ਨੇ ਫਿਰ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਉਡਾਣ ਦੇ ਸ਼ਡਿਊਲ ਨੂੰ ਐਡਜਸਟ ਕਰਨ ਦੇ ਨਿਰਦੇਸ਼ ਦਿੱਤੇ ਸਨ।
ਦੱਸ ਦੇਈਏ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਰਾਜ ਦੀ ਸੰਪਰਕ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ ਅਤੇ ਵਪਾਰ ਅਤੇ ਉਦਯੋਗ ਨੂੰ ਇੱਕ ਨਵਾਂ ਹੁਲਾਰਾ ਵੀ ਮਿਲੇਗਾ। ਇਸ ਪ੍ਰਾਜੈਕਟ ਨੂੰ ਉਦਯੋਗਿਕ ਦ੍ਰਿਸ਼ਟੀਕੋਣ ਤੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਬਿਹਤਰ ਹਵਾਈ ਸੰਪਰਕ ਲੁਧਿਆਣਾ ਅਤੇ ਆਲੇ ਦੁਆਲੇ ਦੇ ਉਦਯੋਗਿਕ ਖੇਤਰਾਂ ਅਤੇ ਰਾਸ਼ਟਰੀ ਰਾਜਧਾਨੀ ਅਤੇ ਹੋਰ ਪ੍ਰਮੁੱਖ ਬਾਜ਼ਾਰਾਂ ਵਿਚਕਾਰ ਸਿੱਧੇ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਨਿਰਯਾਤ, ਨਿਵੇਸ਼ ਅਤੇ ਵਪਾਰਕ ਗਤੀਸ਼ੀਲਤਾ ਵਿੱਚ ਵਾਧਾ ਹੋਵੇਗਾ।
