ਨਿਊਜ਼ ਪੰਜਾਬ
17 ਮਾਰਚ 2026
ਚੰਡੀਗੜ੍ਹ ਦੀ ਐਸ.ਐਸ.ਪੀ. (ਕਾਨੂੰਨ ਅਤੇ ਵਿਵਸਥਾ) ਕੰਵਰਦੀਪ ਕੌਰ ਨੂੰ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਸਾਲ ਦਾ ਵਾਧਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ 8 ਮਾਰਚ 2026 ਨੂੰ ਸਮਾਪਤ ਹੋ ਗਿਆ ਸੀ ਅਤੇ ਇਸ ਦੌਰਾਨ ਉਹ ਛੁੱਟੀ ’ਤੇ ਚਲੇ ਗਏ ਸਨ, ਜਿਸ ਕਾਰਨ ਐਸ.ਐਸ.ਪੀ. ਦਾ ਅਸਥਾਈ ਚਾਰਜ ਐਸ.ਐਸ.ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਨੂੰ ਸੌਂਪਿਆ ਗਿਆ ਸੀ। ਕੰਵਰਦੀਪ ਕੌਰ ਨੇ ਵਾਧੇ ਲਈ ਬੇਨਤੀ ਕੀਤੀ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਐਨ.ਓ.ਸੀ. ਮਿਲਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਕ ਨੇ ਮਨਜ਼ੂਰੀ ਦਿੱਤੀ ਅਤੇ ਆਖਿਰਕਾਰ ਗ੍ਰਹਿ ਮੰਤਰਾਲੇ ਵੱਲੋਂ ਫਾਈਲ ਨੂੰ ਹਰੀ ਝੰਡੀ ਮਿਲ ਗਈ।
ਚੰਡੀਗੜ੍ਹ ਨੂੰ ਅਸ਼ਾਂਤ ਖੇਤਰ ਦੇ ਦਰਜੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਕੇਡਰ ਦੇ ਆਈ.ਪੀ.ਐਸ. ਅਧਿਕਾਰੀਆਂ ਨੂੰ ਇੱਥੇ ਐਸ.ਐਸ.ਪੀ. ਵਜੋਂ ਤਾਇਨਾਤ ਕੀਤਾ ਜਾਂਦਾ ਰਿਹਾ ਹੈ, ਹਾਲਾਂਕਿ ਇਹ ਅਹੁਦਾ ਕਿਸੇ ਵੀ ਰਾਜ ਦੇ ਅਧੀਨ ਨਹੀਂ ਆਉਂਦਾ। ਅੱਤਵਾਦ ਦੇ ਦੌਰ ਵਿੱਚ ਪਹਿਲੀ ਵਾਰ ਪੰਜਾਬ ਕੇਡਰ ਦੇ ਆਈ.ਪੀ.ਐਸ. ਅਧਿਕਾਰੀ ਸੁਮੇਧ ਸਿੰਘ ਸੈਣੀ ਨੂੰ ਇੱਥੇ ਤਾਇਨਾਤ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਰਿਵਾਜ ਜਾਰੀ ਹੈ।
