ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ  350 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ – ਜੱਥੇਦਾਰ ਗੜਗੱਜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਪੁੱਜੇ 

ਰਣਜੀਤ ਸਿੰਘ ਖ਼ਾਲਸਾ

ਲੁਧਿਆਣਾ, 19 ਨਵੰਬਰ – ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ , ਲੁਧਿਆਣਾ, ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੇ ਸ਼ਹੀਦੀ ਦਿਹਾੜੇ ਦੇ 350 ਸਾਲਾ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਜਿਸਦਾ ਵਿਸ਼ਾ” ਜੀਵਨ, ਬਾਣੀ ਅਤੇ ਸ਼ਹਾਦਤ” ਰਿਹਾ ਕਾਲਜ ਔਡੀਟੋਰੀਅਮ ਵਿਚ ਆਯੋਜਿਤ ਕਰਵਾਇਆ ਗਿਆ। ਸੈਮੀਨਾਰ ਵਿਚ 500 ਦੇ ਕਰੀਬ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਭਾਗ ਲਿਆ।

ਸੈਮੀਨਾਰ ਵਿਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਵਿਚਾਰ ਸਾਂਝਾ ਕਰਦਿਆਂ ਉਹਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਸੰਬੰਧਿਤ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਉਹਨਾਂ ਵੱਲੋਂ ਸਿਖਾਏ ਸਿਧਾਂਤਾਂ ਅਤੇ ਮਾਨਵਤਾ ਦੇ ਰਸਤੇ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ।

ਸੈਮੀਨਾਰ ਦੀ ਪ੍ਰਧਾਨਗੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਟਰੱਸਟੀ ਅਤੇ ਸਾਬਕਾ ਮੰਤਰੀ ਸ.ਮਹੇਸ਼ਇੰਦਰ ਸਿੰਘ ਗਰੇਵਾਲ ਦੁਆਰਾ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਪੰਥ ਨੇ ਹਮੇਸ਼ਾਂ ਹੱਕ ਸੱਚ ਲਈ ਲੜਾਈ ਲੜੀ ਹੈ ਅਤੇ ਸਾਨੂੰ ਸਭ ਨੂੰ ਸਿੱਖ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈ ਕੇ ਇਕਜੁੱਟਤਾ ਨਾਲ ਪੰਥ ਦੀ ਚੜਦੀਕਲਾ ਲਈ ਕਾਰਜ ਕਰਨ ਦੀ ਨਿਰੰਤਰ ਲੋੜ ਹੈ।

ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਐੱਸਜੀਪੀਸੀ ਮੈਂਬਰ,ਸ. ਰਘਬੀਰ ਸਿੰਘ ਸਹਾਰਨਮਾਜਰਾ, ਅਤੇ ਸ. ਚਰਨ ਸਿੰਘ ਆਲਮਗੀਰ, ਸ.ਇਕਬਾਲ ਸਿੰਘ,ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਇਸ ਮੌਕੇ ਸ਼ਹੀਦੀ ਸਾਕੇ ਦੌਰਾਨ ਸਿੱਖ ਜ਼ੁਲਮ ਅੱਗੇ ਦ੍ਰਿੜਤਾ ਅਤੇ ਬਿਨਾ ਡੋਲੇ ਜਿੱਤ ਪ੍ਰਾਪਤ ਕਰਨ ਵਾਲੇ ਸੰਘਰਸ਼ ਨੂੰ ਯਾਦ ਕਰਦੇ ਹੋਏ ਸਲਾਮ ਕੀਤੀ।

ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ, ਨੇ ਇਸ ਦੌਰਾਨ ਸਾਰੇ ਮਹਿਮਾਨਾਂ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ। ਸੈਮੀਨਾਰ ਵਿਚ ਪ੍ਰਮੁੱਖ ਬੁਲਾਰਿਆਂ ਡਾ. ਧਰਮਜੀਤ ਸਿੰਘ ਪਰਮਾਰ, ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪ੍ਰੋ. ਸਤਿੰਦਰ ਸਿੰਘ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ.ਹਰਜੋਧ ਸਿੰਘ, ਸਾਬਕਾ ਮੁੱਖੀ, ਭਾਈ ਵੀਰ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਜੋਂ ਸ਼ਿਰਕਤ ਕੀਤੀ।