ਪੰਜਾਬ ਦੀ ਸਿਆਸਤ ‘ਚ ਹਲਚਲ: ਭਗੌੜਾ ਵਿਧਾਇਕ ਪਠਾਣਮਾਜਰਾ ਗ੍ਰਿਫ਼ਤਾਰ, 48 ਘੰਟਿਆਂ ‘ਚ ਦੂਜਾ ਵੱਡਾ ਐਕਸ਼ਨ

ਨਿਊਜ਼ ਪੰਜਾਬ

25 ਮਾਰਚ 2026

ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਪਿਛਲੇ ਛੇ ਮਹੀਨਿਆਂ ਤੋਂ ਪੁਲੀਸ ਤੋਂ ਫਰਾਰ ਚੱਲ ਰਹੇ ਜ਼ਬਰ-ਜਨਾਹ ਦੇ ਮੁਲਜ਼ਮ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਆਖਰਕਾਰ ਪਟਿਆਲਾ ਪੁਲੀਸ ਨੇ ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਪਠਾਣਮਾਜਰਾ ‘ਤੇ ਜ਼ਬਰ-ਜਨਾਹ, ਧੋਖਾਧੜੀ ਅਤੇ ਧਮਕਾਉਣ ਵਰਗੇ ਗੰਭੀਰ ਇਲਜ਼ਾਮ ਲੱਗੇ ਹੋਏ ਹਨ। ਉਹ ਪਿਛਲੇ ਸਾਲ 2 ਸਤੰਬਰ ਤੋਂ ਲੁੱਕ-ਆਊਟ ਨੋਟਿਸ ਦੇ ਬਾਵਜੂਦ ਪੁਲੀਸ ਨੂੰ ਚਕਮਾ ਦੇ ਰਿਹਾ ਸੀ, ਪਰ ਹੁਣ ਉਸ ਦੀ ਗ੍ਰਿਫ਼ਤਾਰੀ ਨਾਲ ਕਾਨੂੰਨ ਨੇ ਆਪਣਾ ਕੰਮ ਕਰ ਦਿੱਤਾ ਹੈ। ਸਰਕਾਰ ਮੁਤਾਬਕ ਮੁਲਜ਼ਮ ਨੂੰ ਜਲਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫ਼ਤਾਰੀ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ 48 ਘੰਟਿਆਂ ਵਿੱਚ ਇਹ ਦੂਜਾ ਵੱਡਾ ਸਿਆਸੀ ਐਕਸ਼ਨ ਹੈ—ਇਸ ਤੋਂ ਪਹਿਲਾਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਲਗਾਤਾਰ ਹੋ ਰਹੀਆਂ ਇਹ ਕਾਰਵਾਈਆਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ ਅਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਦੇ ਹੱਥੋਂ ਕੋਈ ਵੀ ਬਚ ਨਹੀਂ ਸਕਦਾ।