ਖਰੜ ਦੇ ਰੈਸਟੋਰੈਂਟ ‘ਤੇ ਆਬਕਾਰੀ ਵਿਭਾਗ ਦਾ ਛਾਪਾ, 88 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਨਿਊਜ਼ ਪੰਜਾਬ

8 ਮਾਰਚ 2026

ਪੰਜਾਬ ਆਬਕਾਰੀ ਵਿਭਾਗ ਨੇ ਮੋਹਾਲੀ ਦੇ ਖਰੜ ਵਿੱਚ ਗੈਰ-ਕਾਨੂੰਨੀ ਸ਼ਰਾਬ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਲਾਂਡਰਾ ਰੋਡ ਸਥਿਤ ਫੂਡ ਵੇਅ-43 ਰੈਸਟੋਰੈਂਟ ‘ਤੇ ਛਾਪਾ ਮਾਰ ਕੇ 88 ਪੇਟੀਆਂ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਅਤੇ ਰੈਸਟੋਰੈਂਟ ਮਾਲਕ ਦਵਿੰਦਰ ਕੁਮਾਰ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਖੁਸ਼ਦਿਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ।

ਇੰਸਪੈਕਟਰ ਅਸ਼ੋਕ ਕੁਮਾਰ ਮੁਤਾਬਕ, 7 ਮਾਰਚ ਨੂੰ ਰਾਤ ਕਰੀਬ 9 ਵਜੇ ਸੂਚਨਾ ਦੇ ਆਧਾਰ ‘ਤੇ ਕੀਤੀ ਛਾਪੇਮਾਰੀ ਦੌਰਾਨ 41 ਪੇਟੀਆਂ ਅੰਗਰੇਜ਼ੀ ਵਿਸਕੀ ਅਤੇ 47 ਪੇਟੀਆਂ ਬੀਅਰ ਬਰਾਮਦ ਹੋਈਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਰੈਸਟੋਰੈਂਟ ਪਿਛਲੇ ਮਹੀਨੇ ਤੋਂ ਬਿਨਾਂ ਲਾਇਸੈਂਸ ਗਾਹਕਾਂ ਨੂੰ ਸ਼ਰਾਬ ਵੇਚ ਰਿਹਾ ਸੀ ਅਤੇ ਦਸਤਾਵੇਜ਼ ਵੀ ਪੇਸ਼ ਨਹੀਂ ਕਰ ਸਕਿਆ। ਇਸ ਮਾਮਲੇ ਵਿੱਚ ਖਰੜ ਸਿਟੀ ਥਾਣੇ ਵਿੱਚ ਪੰਜਾਬ ਆਬਕਾਰੀ ਐਕਟ 1914 ਦੀਆਂ ਧਾਰਾ 61 ਅਤੇ 68 ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।