ਮੋਹਾਲੀ ਕਬੱਡੀ ਪ੍ਰਮੋਟਰ ਕਤਲ ਮਾਮਲਾ: ਪੁਲਿਸ ਨੇ 350 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ

ਨਿਊਜ਼ ਪੰਜਾਬ

24 ਮਾਰਚ 2026

ਮੋਹਾਲੀ ਪੁਲਿਸ ਨੇ ਦਸੰਬਰ ਵਿੱਚ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਅਦਾਲਤ ਵਿੱਚ 350 ਪੰਨਿਆਂ ਦੀ ਵਿਸਥਾਰਪੂਰਵਕ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਚਾਰਜਸ਼ੀਟ ਵਿੱਚ ਅੱਠ ਸ਼ੂਟਰਾਂ ਸਮੇਤ ਕਈ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਕਤਲ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਗੈਂਗਸਟਰ ਬਲਜਿੰਦਰ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਅਤੇ ਅਰਵਿੰਦਰਜੀਤ ਉਰਫ਼ ਮਨੀ ਸਮੇਤ ਕੁਝ ਹੋਰ ਮੁਲਜ਼ਮਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ।

ਚਾਰਜਸ਼ੀਟ ਵਿੱਚ ਲਗਭਗ 50 ਤੋਂ 55 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ, ਜੋ ਮਾਮਲੇ ਦੀ ਗੰਭੀਰਤਾ ਅਤੇ ਪੁਲਿਸ ਦੀ ਜਾਂਚ ਨੂੰ ਦਰਸਾਉਂਦੇ ਹਨ। ਨਾਮਜ਼ਦ ਮੁਲਜ਼ਮਾਂ ਵਿੱਚ ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਆਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ, ਇਕ ਟੈਕਸੀ ਡਰਾਈਵਰ ਅਤੇ ਸ਼ੂਟਰ ਕਰਨ ਪਾਠਕ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਹੋਰ ਸੰਬੰਧਿਤ ਮੁਲਜ਼ਮਾਂ ਵਿਰੁੱਧ ਅਗਲੇ ਪੜਾਅ ਵਿੱਚ ਹੋਰ ਚਾਰਜਸ਼ੀਟ ਵੀ ਦਾਇਰ ਕੀਤੀ ਜਾਵੇਗੀ।

ਗੌਰਤਲਬ ਹੈ ਕਿ 15 ਦਸੰਬਰ ਨੂੰ ਮੋਹਾਲੀ ਦੇ ਸੋਹਾਣਾ ਵਿੱਚ ਚੱਲ ਰਹੇ ਕਬੱਡੀ ਕੱਪ ਦੌਰਾਨ ਇਹ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਸੀ। ਦੋ ਨੌਜਵਾਨਾਂ ਨੇ ਸੈਲਫੀ ਲੈਣ ਦੇ ਬਹਾਨੇ ਨਾਲ ਰਾਣਾ ਬਲਾਚੌਰੀਆ ਦੇ ਕੋਲ ਪਹੁੰਚ ਕੇ ਪਹਿਲਾਂ ਉਸਦੇ ਮੂੰਹ ‘ਤੇ ਸ਼ਾਲ ਸੁੱਟੀ ਅਤੇ ਫਿਰ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਬਲਾਚੌਰੀਆ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆ ਜਾਵੇਗਾ।