ਮੋਗਾ ਰੈਲੀ ‘ਚ ਅਮਿਤ ਸ਼ਾਹ ਦਾ ਵੱਡਾ ਐਲਾਨ: 2027 ‘ਚ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣੇਗੀ

ਨਿਊਜ਼ ਪੰਜਾਬ

14 ਮਾਰਚ 2026

ਮੋਗਾ ਵਿੱਚ ਹੋਈ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ “ਬੋਲੇ ਸੋ ਨਿਹਾਲ” ਦੇ ਨਾਅਰੇ ਨਾਲ ਕੀਤੀ ਅਤੇ ਲੋਕਾਂ ਨੂੰ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਦੋਵੇਂ ਹੱਥ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ “ਭਾਰਤ ਮਾਤਾ ਕੀ ਜੈ” ਅਤੇ “ਵੰਦੇ ਮਾਤਰਮ” ਦੇ ਨਾਅਰੇ ਵੀ ਲਗਾਏ। ਸ਼ਾਹ ਨੇ ਕਿਹਾ ਕਿ ਉਹ ਆਪਣਾ ਭਾਸ਼ਣ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਸਿਰ ਦੀ ਪੱਗ ਉਸ ਕਰਜ਼ ਦਾ ਪ੍ਰਤੀਕ ਹੈ ਜੋ ਸਾਰਾ ਭਾਰਤ ਗੁਰੂ ਘਰ ਦਾ ਕਰਜ਼ਦਾਰ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦੀ 350ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ ਸੀ। ਸ਼ਾਹ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਦੇਸ਼ ਵਿੱਚ ਕੋਈ ਹਿੰਦੂ ਨਾ ਬਚਦਾ।

ਉਨ੍ਹਾਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਅਕਾਲੀ ਦਲ ਨਾਲ ਗੱਠਜੋੜ ਬਾਰੇ ਕਿਆਸਅਰਾਈਆਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਭਾਜਪਾ 2027 ਵਿੱਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਕਰਜ਼ੇ, ਨਸ਼ਿਆਂ, ਧਰਮ ਪਰਿਵਰਤਨ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦੇ ਆਤੰਕ ਨਾਲ ਪੀੜਤ ਹੈ ਅਤੇ ਉਦਯੋਗ ਵੀ ਪੰਜਾਬ ਛੱਡ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ, ਨੌਜਵਾਨਾਂ ਦੀ ਬੇਰੁਜ਼ਗਾਰੀ ਘਟਾਉਣੀ ਅਤੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨਾ ਹੈ ਤਾਂ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ।