ਮੋਹਾਲੀ ਵਿੱਚ ਅੱਜ ਕਰਨ ਔਜਲਾ ਦਾ ਕਨਸਰਟ, ਟ੍ਰੈਫਿਕ ਐਡਵਾਈਜ਼ਰੀ ਜਾਰੀ; ਕਈ ਸੜਕਾਂ ਰਹਿਣਗੀਆਂ ਬੰਦ

ਨਿਊਜ਼ ਪੰਜਾਬ

14 ਮਾਰਚ 2026

ਪੰਜਾਬੀ ਗਾਇਕ ਕਰਨ ਔਜਲਾ ਦਾ ਸੰਗੀਤ ਸਮਾਰੋਹ ਅੱਜ ਸ਼ਾਮ ਸ਼ਨੀਵਾਰ ਨੂੰ ਮੋਹਾਲੀ ਦੇ ਪੁਰਾਣੇ ਪੀਸੀਏ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਇਸ ਮੌਕੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਫੇਜ਼-10, ਸੈਕਟਰ-65 ਅਤੇ ਮੋਹਾਲੀ ਰੇਲਵੇ ਸਟੇਸ਼ਨ ਵੱਲ ਜਾਣ ਵਾਲੀਆਂ ਕਈ ਸੜਕਾਂ ਪੂਰੇ ਪ੍ਰੋਗਰਾਮ ਦੌਰਾਨ ਬੰਦ ਰਹਿਣਗੀਆਂ ਅਤੇ ਇਨ੍ਹਾਂ ਰਸਤਿਆਂ ‘ਤੇ ਸਿਰਫ਼ ਐਮਰਜੈਂਸੀ ਅਤੇ ਅਧਿਕਾਰਤ ਵਾਹਨਾਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ ਅਤੇ ਵਿਕਲਪਕ ਰਸਤੇ ਵਰਤਣ। ਟ੍ਰੈਫਿਕ ਪ੍ਰਬੰਧਨ ਲਈ ਸ਼ਹਿਰ ਵਿੱਚ 32 ਥਾਵਾਂ ‘ਤੇ ਪੁਲਿਸ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਚੌਕੀ ਸਟੇਡੀਅਮ ਦੇ ਮੁੱਖ ਗੇਟ ਸਾਹਮਣੇ ਹੋਵੇਗੀ, ਜਦਕਿ ਹੋਰ ਚੌਕੀਆਂ ਸਟੇਡੀਅਮ ਵੱਲ ਜਾਣ ਵਾਲੀਆਂ ਸੜਕਾਂ ‘ਤੇ ਲਗਾਈਆਂ ਗਈਆਂ ਹਨ। ਇੱਥੇ ਤਾਇਨਾਤ ਪੁਲਿਸ ਕਰਮਚਾਰੀ ਸਥਾਨਕ ਨਿਵਾਸੀਆਂ ਅਤੇ ਕਨਸਰਟ ਵਿੱਚ ਆਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਸਹਾਇਤਾ ਦੇਣਗੇ।

ਉੱਧਰ ਪੁਲਿਸ ਮੁਤਾਬਕ ਪ੍ਰਾਈਵੇਟ ਸਿਕਿਉਰਟੀ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਕਰੀਬ 3500 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਤਾਇਨਾਤੀ ਡੀਜੀਪੀ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ ਤਾਂ ਜੋ ਸਮਾਗਮ ਦੌਰਾਨ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣੀ ਰਹੇ।

ਡੀਐਸਪੀ ਸਿਟੀ-1 ਪ੍ਰਿਥਵੀ ਸਿੰਘ ਚਾਲ ਨੇ ਕਿਹਾ ਕਿ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਜ ਮੋਹਾਲੀ ਵਿੱਚ ਹੋਣ ਵਾਲੇ ਕਰਨ ਔਜਲਾ ਦੇ ਸ਼ੋ ਨੂੰ ਧਿਆਨ ਵਿੱਚ ਰੱਖਦਿਆਂ ਹਰ ਥਾਂ ਪੁਲਿਸ ਤਾਇਨਾਤ ਰਹੇਗੀ।

ਇਸ ਤੋਂ ਇਲਾਵਾ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਪੰਡਿਤ ਰਾਉ ਤਰਨੇਵਰ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਦੇ ਮੱਦੇਨਜ਼ਰ ਐਸਡੀਐਮ ਮੋਹਾਲੀ ਦੇ ਹੁਕਮਾਂ ਅਨੁਸਾਰ ਕਰਨ ਔਜਲਾ ਅਤੇ ਉਸ ਦੀ ਟੀਮ ਸਮੇਤ ਪ੍ਰੋਗਰਾਮ ਦੇ ਆਯੋਜਕਾਂ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਗਾਣਿਆਂ ਵਿੱਚ ਲੱਚਰਤਾ ਜਾਂ ਹਥਿਆਰਾਂ ਦੀ ਪ੍ਰਚਾਰਨਾ ਹੋਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।