ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਲੁਧਿਆਣਾ ਦੇ ਨੌਜਵਾਨ ਦੀ ਮੌਤ, ਅੱਜ ਹੋਵੇਗਾ ਅੰਤਿਮ ਸਸਕਾਰ

ਨਿਊਜ਼ ਪੰਜਾਬ

ਲੁਧਿਆਣਾ,14 ਮਾਰਚ 2026

ਰੂਸ ਵਿੱਚ ਜ਼ਬਰਦਸਤੀ ਫੌਜ ਵਿੱਚ ਭਰਤੀ ਕੀਤੇ ਗਏ ਲੁਧਿਆਣਾ ਦੇ 21 ਸਾਲਾ ਨੌਜਵਾਨ ਸਮਰਜੀਤ ਸਿੰਘ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਰੀਅਰ ਬਣਾਉਣ ਦੀ ਆਸ ਨਾਲ ਰੂਸ ਗਿਆ ਸਮਰਜੀਤ ਸਿੰਘ ਬਾਅਦ ਵਿੱਚ ਰੂਸੀ ਫੌਜ ਵਿੱਚ ਫਸ ਗਿਆ ਅਤੇ 10 ਸਤੰਬਰ ਨੂੰ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਮੁਤਾਬਕ ਸਮਰਜੀਤ ਸਿੰਘ ਦਾ ਪਰਿਵਾਰ ਨਾਲ ਆਖ਼ਰੀ ਸੰਪਰਕ 8 ਸਤੰਬਰ ਨੂੰ ਵੀਡੀਓ ਕਾਲ ਰਾਹੀਂ ਹੋਇਆ ਸੀ, ਜੋ ਸਿਰਫ 22 ਸੈਕੰਡ ਦੀ ਸੀ। ਉਸ ਦੌਰਾਨ ਉਸ ਨੇ ਸਿਰਫ ਇਹ ਕਿਹਾ ਕਿ “ਮੈਂ ਠੀਕ ਹਾਂ, ਪਾਪਾ ਮੰਮੀ ਦਾ ਧਿਆਨ ਰੱਖਣਾ” ਅਤੇ ਕਾਲ ਕੱਟ ਗਈ। ਇਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਹੋ ਸਕਿਆ।

ਪਰਿਵਾਰ ਨੂੰ ਇੱਕ ਹਫ਼ਤਾ ਪਹਿਲਾਂ ਰੂਸੀ ਭਾਸ਼ਾ ਵਿੱਚ ਇੱਕ ਚਿੱਠੀ ਮਿਲੀ ਸੀ, ਜਿਸ ਵਿੱਚ ਸਮਰਜੀਤ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਗਈ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਡੈੱਥ ਸਰਟੀਫਿਕੇਟ ਵੀ ਭੇਜਿਆ ਗਿਆ ਅਤੇ ਸੂਚਨਾ ਦਿੱਤੀ ਗਈ ਕਿ ਉਸ ਦੀ ਦੇਹ ਦਿੱਲੀ ਏਅਰਪੋਰਟ ਪਹੁੰਚੇਗੀ।

ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਮਰਜੀਤ ਜੁਲਾਈ ਮਹੀਨੇ ਵਿੱਚ ਕਰੀਅਰ ਬਣਾਉਣ ਲਈ ਰੂਸ ਗਿਆ ਸੀ। ਟ੍ਰੇਨਿੰਗ ਦੌਰਾਨ ਉਸ ਨੂੰ ਆਰਮੀ ਦੀ ਵਰਦੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਹ ਆਰਮੀ ਦੇ ਡਾਕਟਰ ਨਾਲ ਕੰਮ ਕਰੇਗਾ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਧੋਖੇ ਨਾਲ ਫੌਜ ਵਿੱਚ ਭਰਤੀ ਕਰ ਦਿੱਤਾ ਗਿਆ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਸਮਰਜੀਤ ਦੀ ਪਛਾਣ ਰੂਸੀ ਫੌਜ ਦੇ ਟੋਕਨ ਰਾਹੀਂ ਹੋਈ। ਡੈੱਥ ਸਰਟੀਫਿਕੇਟ ਵਿੱਚ ਉਸ ਦੀ ਮੌਤ ਦਸੰਬਰ ਮਹੀਨੇ ਵਿੱਚ ਹੋਣ ਦੀ ਗੱਲ ਵੀ ਦਰਜ ਹੈ।

ਸਮਰਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਮ੍ਰਿਤਕ ਦੇਹ ਹੁਣ ਰੂਸ ਤੋਂ ਲੁਧਿਆਣਾ ਪਹੁੰਚ ਗਈ ਹੈ ਅਤੇ ਅੱਜ ਡਾਬਾ ਸਥਿਤ ਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।