ਨਿਊਜ਼ ਪੰਜਾਬ
13 ਮਾਰਚ 2026
ਲੁਧਿਆਣਾ ਵਿੱਚ ਮਸ਼ਹੂਰ ਕਲਾਉਡ ਪਾਰਟੀਕਲ ਨਿਵੇਸ਼ ਯੋਜਨਾ ਨਾਲ ਜੁੜਿਆ ਇਕ ਹੋਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰਾਭਾ ਨਗਰ ਪੁਲਿਸ ਨੇ ਵਿਊਨਾਉ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਦੇ ਸੀਈਓ ਸੁਖਵਿੰਦਰ ਸਿੰਘ ਖਰੌੜ, ਉਸ ਦੀ ਪਤਨੀ ਡਿੰਪਲ ਖਰੌੜ ਸਮੇਤ ਪੰਜ ਲੋਕਾਂ ਖ਼ਿਲਾਫ਼ ਲਗਭਗ 60 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਸਾਬਕਾ ਜ਼ਿਲ੍ਹਾ ਅਟਾਰਨੀ ਮਿੱਤਰ ਸੇਨ ਗੋਇਲ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਦੋਸ਼ੀਆਂ ਨੇ ਉੱਚੇ ਮੁਨਾਫ਼ੇ ਦਾ ਲਾਲਚ ਦੇ ਕੇ “ਕਲਾਉਡ ਪਾਰਟੀਕਲ” ਨਾਂ ਦੇ ਡਿਜੀਟਲ ਇਨਫਰਾਸਟਰਕਚਰ ਯੂਨਿਟ ਵਿੱਚ ਨਿਵੇਸ਼ ਕਰਵਾਇਆ। ਇਸ ਦੌਰਾਨ ਗੋਇਲ ਦੀ ਨੂੰਹ ਰਿਤੂ ਗੋਇਲ ਅਤੇ ਧੀ ਚਾਰੂ ਗੁਪਤਾ ਨੇ 2023 ਤੋਂ 2024 ਵਿਚਕਾਰ ਲੱਖਾਂ ਰੁਪਏ ਨਿਵੇਸ਼ ਕੀਤੇ। ਸ਼ੁਰੂ ਵਿੱਚ ਕੁਝ ਭੁਗਤਾਨ ਕੀਤੇ ਗਏ ਪਰ ਬਾਅਦ ਵਿੱਚ ਭੁਗਤਾਨ ਰੋਕ ਦਿੱਤੇ ਗਏ। ਪੁਲਿਸ ਨੇ ਸੁਖਵਿੰਦਰ ਸਿੰਘ ਖਰੌੜ, ਡਿੰਪਲ ਖਰੌੜ, ਆਰਿਫ ਨਿਸਾਰ, ਅਰੁਣ ਕੁਮਾਰ ਅਤੇ ਸੁਰੇਸ਼ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਪਹਿਲਾਂ ਹੀ ਲਗਭਗ ₹3,558 ਕਰੋੜ ਦੇ ਕਲਾਉਡ ਪਾਰਟੀਕਲ ਨਿਵੇਸ਼ ਘੁਟਾਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਕਈ ਕਰੋੜ ਦੀ ਸੰਪਤੀ ਵੀ ਜ਼ਬਤ ਕੀਤੀ ਜਾ ਚੁੱਕੀ ਹੈ।
