ਬਠਿੰਡੇ ਦੇ SSD Girls College ਦੀ ਪ੍ਰਿੰਸੀਪਲ ਦੁਬਈ ਵਿੱਚ ਫਸੀ, ਭਾਰਤ ਸਰਕਾਰ ਤੋਂ ਤੁਰੰਤ ਮਦਦ ਦੀ ਅਪੀਲ

ਨਿਊਜ਼ ਪੰਜਾਬ

1 ਮਾਰਚ 2026

ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਕਾਰਨ ਬਣੇ ਜੰਗੀ ਹਾਲਾਤਾਂ ਨੇ ਵਿਦੇਸ਼ਾਂ ਵਿੱਚ ਮੌਜੂਦ ਭਾਰਤੀ ਯਾਤਰੀਆਂ ਲਈ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਦੁਬਈ ਦੀਆਂ ਉਡਾਣਾਂ ਰੱਦ ਕੀਤੇ ਜਾਣ ਤੋਂ ਬਾਅਦ ਬਠਿੰਡਾ ਦੇ ਐੱਸ.ਐੱਸ.ਡੀ. ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਆਪਣੇ ਪਰਿਵਾਰ ਸਮੇਤ ਦੁਬਈ ਵਿੱਚ ਫਸ ਗਈ ਹਨ। ਉਨ੍ਹਾਂ ਇੱਕ ਹੋਟਲ ਤੋਂ ਵੀਡੀਓ ਜਾਰੀ ਕਰਕੇ ਸਰਕਾਰ ਕੋਲ ਤੁਰੰਤ ਮਦਦ ਦੀ ਅਪੀਲ ਕੀਤੀ ਹੈ।

ਜਾਣਕਾਰੀ ਅਨੁਸਾਰ, ਉਹ 23 ਫਰਵਰੀ ਨੂੰ ਪਰਿਵਾਰ ਨਾਲ ਦੁਬਈ ਗਏ ਸਨ ਅਤੇ 28 ਫਰਵਰੀ ਨੂੰ ਵਾਪਸੀ ਸੀ। ਪਰ ਏਅਰਪੋਰਟ ਬੰਦ ਹੋਣ ਦੇ ਅਚਾਨਕ ਐਲਾਨ ਨਾਲ ਉਹ ਵਾਪਸ ਨਹੀਂ ਆ ਸਕੇ। ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਾਕਾਮ ਰਹੀ। ਔਖੀ ਸਥਿਤੀ ਵਿੱਚ ਉਨ੍ਹਾਂ ਨੂੰ ਕਰੀਬ 20 ਕਿਲੋਮੀਟਰ ਦੂਰ ਇੱਕ ਹੋਟਲ ਵਿੱਚ ਠਹਿਰਨਾ ਪਿਆ। ਹੁਣ ਉਨ੍ਹਾਂ ਕੋਲ ਨਕਦੀ ਅਤੇ ਜ਼ਰੂਰੀ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਵੀ ਖਤਮ ਹੋ ਚੁੱਕੀਆਂ ਹਨ। ਹੋਟਲ ਪ੍ਰਬੰਧਕਾਂ ਵੱਲੋਂ ਕਮਰਾ ਖਾਲੀ ਕਰਨ ਦੀ ਚੇਤਾਵਨੀ ਨਾਲ ਪਰਿਵਾਰ ਦੀ ਚਿੰਤਾ ਹੋਰ ਵਧ ਗਈ ਹੈ।

ਡਾ. ਨੀਰੂ ਗਰਗ ਨੇ ਭਾਵੁਕ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਬਹੁਤ ਮੁਸ਼ਕਲ ਵਿੱਚ ਹਨ ਅਤੇ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਤਨ ਵਾਪਸ ਲਿਆਇਆ ਜਾਵੇ।