ਨਿਊਜ਼ ਪੰਜਾਬ
24 ਫ਼ਰਵਰੀ 2026
ਕੰਗਨਾ ਰਣੌਤ ਖ਼ਿਲਾਫ਼ ਦਰਜ ਮਾਣਹਾਨੀ ਮਾਮਲੇ ਦੀ ਅੱਜ ਬਠਿੰਡਾ ਅਦਾਲਤ ਵਿੱਚ ਹੋਣੀ ਸੀ ਸੁਣਵਾਈ ਵਕੀਲਾਂ ਦੀ ਹੜਤਾਲ ਕਾਰਨ ਟਲ ਗਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 10 ਮਾਰਚ ਲਈ ਨਿਰਧਾਰਤ ਕਰ ਦਿੱਤੀ ਹੈ। ਇਹ ਕੇਸ ਬੇਬੇ ਮਹਿੰਦਰ ਕੌਰ ਵੱਲੋਂ ਦਰਜ ਕਰਵਾਇਆ ਗਿਆ ਹੈ। ਹੜਤਾਲ ਦੇ ਮੱਦੇਨਜ਼ਰ ਅਦਾਲਤੀ ਕੰਮਕਾਜ ਪ੍ਰਭਾਵਿਤ ਹੋਣ ਕਰਕੇ ਸੁਣਵਾਈ ਨਹੀਂ ਹੋ ਸਕੀ।
ਇਸ ਦੌਰਾਨ ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ਼ੀਨਾਮੇ ਲਈ ਕਈ ਫੋਨ ਆ ਰਹੇ ਹਨ, ਪਰ ਉਹਨਾਂ ਲਈ ਕੋਰਟ ਅਤੇ ਰੱਬ ਦਾ ਫੈਸਲਾ ਹੀ ਮਨਜ਼ੂਰ ਹੋਵੇਗਾ। ਉਧਰ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਹੜਤਾਲ ਕਾਰਨ ਕੇਸ ਦੀ ਅਗਲੀ ਤਾਰੀਖ 10 ਮਾਰਚ ਰੱਖੀ ਗਈ ਹੈ ਅਤੇ ਮਾਨਯੋਗ ਅਦਾਲਤ ਵਿੱਚ ਕੰਗਨਾ ਰਣੌਤ ਦਾ ਪਾਸਪੋਰਟ ਸਰੰਡਰ ਕਰਵਾਉਣ ਲਈ ਅਰਜ਼ੀ ਵੀ ਦਿੱਤੀ ਗਈ ਹੈ। ਲਾਭ ਸਿੰਘ ਨੇ ਕਿਹਾ ਕਿ ਉਮਰ ਦੇ ਇਸ ਪੜਾਅ ‘ਚ ਕੋਰਟਾਂ ਦੇ ਚੱਕਰ ਕੱਟਣਾ ਔਖਾ ਹੈ, ਪਰ ਉਹ ਹੁਣ ਸਿਰਫ ਅਦਾਲਤੀ ਫੈਸਲੇ ਦੀ ਉਡੀਕ ਕਰ ਰਹੇ ਹਨ।
